ਨੌਜਵਾਨਾਂ ਨੇ ਕੀਤੀ ਬਿਜਲੀ ਸੋਧ ਬਿੱਲ ਤੇ ਚਰਚਾ
- ਸੰਗਰੂਰ
- (Asia/Kolkata)
ਲੌਂਗੋਵਾਲ, (ਜਗਸੀਰ ਸਿੰਘ ) - ਅੱਜ ਸਥਾਨਕ ਗੁਰਦੁਆਰਾ ਢਾਬ ਬਾਬਾ ਆਲਾ ਸਿੰਘ ਲੌਂਗਵਾਲ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੀ ਅਗਵਾਈ ਹੇਠ ਇਲਾਕੇ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿਲ 2025 ਦੇ ਕਿਸਾਨਾਂ ਅਤੇ ਕਿਰਤੀ ਲੋਕਾਂ ਤੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਕੀਤਾ ਗਿਆ। ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਜਨਵਰੀ ਨੂੰ ਜ਼ਿਲ੍ਹਾ ਪੱਧਰ ਤੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਵੱਡੀ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ ਤੇ ਇਸੇ ਤਰ੍ਹਾਂ ਮਜ਼ਦੂਰ ਆਗੂ ਮੁਕੇਸ਼ ਮਲੌਦ ਦੀ ਗਿਰਫਤਾਰੀ ਦੀ ਨਿਖੇਧੀ ਕਰਦੇ ਹੋਇਆਂ ਜਥੇਬੰਦੀ ਵੱਲੋਂ ਦਿੱਤੇ ਪ੍ਰੋਗਰਾਮ ਵਿੱਚ ਵੀ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਖਾਈ ਅਤੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਉਪਰਲੇ ਦੋਵੇਂ ਬਿਲਾਂ ਦੇ ਮਾੜੇ ਪ੍ਰਭਾਵਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਹ ਦੋਵੇਂ ਬਿਲ ਕੇਂਦਰ ਸਰਕਾਰ ਕਾਰਪੋਰੇਟ ਦੇ ਹਿੱਤ ਪੂਰਨ ਲਈ ਲੈ ਕੇ ਆਈ ਹੈ। ਬਿਜਲੀ ਬਿੱਲ ਰਾਹੀਂ ਜਿੱਥੇ ਹਰ ਤਰ੍ਹਾਂ ਦੀ ਸਬਸਿਡੀ ਖਤਮ ਕਰਕੇ ਉੱਥੇ ਬਿਜਲੀ ਨੂੰ ਲੋਕਾਂ ਦੀ ਲੋੜ ਦੀ ਵਸਤੂ ਤੋਂ ਵਪਾਰਕ ਵਸਤੂ ਬਣਾਇਆ ਜਾਵੇਗਾ। ਜਿਸ ਕਾਰਨ ਇਹ ਮਹਿੰਗੀ ਵੀ ਹੋਵੇਗੀ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਵੀ ਹੋਵੇਗੀ,ਇਸੇ ਤਰ੍ਹਾਂ ਬੀਜ ਸੋਧ ਬਿਲ 2025 ਅਸਿੱਧੇ ਢੰਗ ਨਾਲ ਖੇਤੀ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣ ਦੀ ਕੇਂਦਰ ਦੀ ਪੁਰਾਣੀ ਨੀਤੀ ਦਾ ਹੀ ਹਿੱਸਾ ਹੈ ਇਹ ਲਾਗੂ ਹੋਣ ਨਾਲ ਖੇਤੀ ਉਤਪਾਦਨ ਤੇ ਮੁਕੰਮਲ ਕਾਰਪੋਰੇਟ ਦਾ ਕੰਟਰੋਲ ਹੋ ਜਾਵੇਗਾ ਅਤੇ ਜਨਤਕ ਵੰਡ ਪ੍ਰਣਾਲੀ ਖਤਮ ਹੋ ਜਾਵੇਗੀ ਤੇ ਦੇਸ਼ ਦੀ ਅੰਨ ਸੁਰੱਖਿਆ ਨੂੰ ਵੀ ਗੰਭੀਰ ਖਤਰਾ ਖੜਾ ਹੋ ਸਕਦਾ ਹੈ ਇਸ ਕਰਕੇ ਇਹਨਾਂ ਦੋਵੇਂ ਬਿਲਾਂ ਦਾ ਪੁਰਜੋਰ ਵਿਰੋਧ ਕਰਨਾ ਬਣਦਾ ਹੈ। ਪਿਛਲੇ ਸਰਦ ਰੁੱਤ ਇਜਲਾਸ ਵਿੱਚ ਭਾਜਪਾ ਵੱਲੋਂ ਮਨਰੇਗਾ ਕਾਨੂੰਨ ਅਤੇ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਤੱਤ ਰੂਪ ਚ ਇਨਾ ਕਾਨੂੰਨਾਂ ਨੂੰ ਖਤਮ ਕਰਨ ਦੇਵੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਗਈ ਅਤੇ ਕਿਹਾ ਗਿਆ ਕਿ ਕੇਂਦਰ ਸਰਕਾਰ ਆਰਐਸਐਸ ਅਤੇ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ ਅਤੇ ਇਹਨਾਂ ਦੋਵਾਂ ਦੇ ਅਜੰਡਿਆਂ ਨੂੰ ਲਾਗੂ ਕਰਨ ਲਈ ਲਗਾਤਾਰ ਅੱਗੇ ਵੱਧ ਰਹੀ ਹੈ। ਸੂਬਿਆਂ ਤੋਂ ਅਧਿਕਾਰ ਖੋਹੇ ਜਾ ਰਹੇ ਹਨ, ਸਰਕਾਰ ਦੀ ਆਲੋਚਨਾ ਕਰਨ ਵਾਲੇ ਵਿਰੋਧ ਕਰਨ ਵਾਲੇ ਸਰਕਾਰ ਦੀਆਂ ਨੀਤੀਆਂ ਖਿਲਾਫ ਸੰਘਰਸ਼ ਕਰਨ ਵਾਲੇ ਕਾਰਕੂਨਾਂ ਬੁੱਧੀਜੀਵੀਆਂ ਅਤੇ ਲੋਕ ਪੱਖੀ ਆਗੂਆਂ ਨੂੰ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਅਜਿਹੇ ਦੌਰ ਵਿੱਚ ਨੌਜਵਾਨ ਸ਼ਕਤੀ ਹੀ ਲੋਕਾਂ ਨੂੰ ਜਾਗਰੂਕ ਅਤੇ ਲਾਮਬੰਦ ਕਰ ਸਕਦੀ ਹੈ। ਆਗੂਆਂ ਨੇ ਨੌਜਵਾਨਾਂ ਨੂੰ ਲਾਮਬੰਦੀ ਤੇਜ਼ ਕਰਨ ਅਤੇ ਵਿਚਾਰਧਾਰਕ ਤੌਰ ਤੇ ਤਕੜੇ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸੈਮੀਨਾਰ ਦੀ ਪ੍ਰਧਾਨਗੀ ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਦੀਪ ਸਿੰਘ ਬਹਾਦਰਪੁਰ, ਰਵਿੰਦਰ ਸਿੰਘ ਤਕੀਪੁਰ,ਹਰਦੀਪ ਸਿੰਘ ਦੁਲਟ ਨੇ ਕੀਤੀ। ਅਤੇ ਸਟੇਜ ਸਕੱਤਰ ਦੀ ਭੂਮਿਕਾ ਜਸਵੀਰ ਸਿੰਘ ਸਾਹੂਕੇ ਨੇ ਨਿਭਾਈ। ਉਪਰੋਕਤ ਆਗੂਆਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਹਰਦੇਵ ਸਿੰਘ ਦੁਲਟ,ਬਲਿਹਾਰ ਸਿੰਘ ਰੱਤੋਕੇ ,ਸੁਲਤਾਨ ਸਿੰਘ,ਰਾਜਾ ਸਿੰਘ ਜੈਦ ਸਮੇਤ ਵੱਡੀ ਗਿਣਤੀ ਆਗੂ ਹਾਜ਼ਰ ਸਨ।
Leave a Reply