ਅਕਾਲ ਅਕੈਡਮੀ ਕੌੜੀਵਾੜਾ ਦੀ ਨਵਪ੍ਰੀਤ ਕੌਰ ਨੇ ਜੇ.ਈ.ਈ. ਮੇਨ ਵਿੱਚ ਮਾਰੀ ਬਾਜ਼ੀ
- ਸੰਗਰੂਰ
- (Asia/Kolkata)
(ਜਗਸੀਰ ਸਿੰਘ)-ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਕੌੜੀਵਾੜਾ ਦੀ ਵਿਦਿਆਰਥਣ ਨਵਪ੍ਰੀਤ ਕੌਰ ਨੇ ਜੋਇੰਟ ਐਂਟਰੈਂਸ ਐਗਜ਼ਾਮੀਨੇਸ਼ਨ (ਜੇ.ਈ.ਈ.) ਮੇਨ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 91 ਪਰਸੈਂਟਾਇਲ ਪ੍ਰਾਪਤ ਕੀਤੇ। ਅਕਾਲ ਅਕੈਡਮੀ ਕੌੜੀਵਾੜਾ ਲਈ ਇਹ ਬਹੁਤ ਮਾਣ ਅਤੇ ਖੁਸ਼ੀ ਦਾ ਪਲ ਹੈ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਨਵਪ੍ਰੀਤ ਕੌਰ ਨੇ ਦੇਸ਼ ਦੀਆਂ ਸਭ ਤੋਂ ਔਖੀਆਂ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆਵਾਂ ਵਿੱਚੋਂ ਇੱਕ, ਜੇ.ਈ.ਈ ਮੇਨ 2026 ਵਿੱਚ 91 ਪਰਸੈਂਟਾਇਲ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਹ ਪ੍ਰਾਪਤੀ ਨਵਪ੍ਰੀਤ ਕੌਰ ਦੀ ਮਿਹਨਤ, ਲਗਨ ਅਤੇ ਅਟੁੱਟ ਹਿੰਮਤ ਦਾ ਨਤੀਜਾ ਹੈ। ਨਵਪ੍ਰੀਤ ਕੌਰ ਦੀ ਸਫਲਤਾ ਦੀ ਖਾਸ ਗੱਲ ਇਹ ਹੈ ਕਿ ਉਸਨੇ ਆਪਣੀ ਤਿਆਰੀ ਸਕੂਲ ਦੇ ਅਧਿਆਪਕਾਂ ਦੀ ਅਗਵਾਈ ਹੇਠ ਕੀਤੀ ਅਤੇ ਕਿਸੇ ਬਾਹਰੀ ਟਿਊਸ਼ਨ ਜਾਂ ਕੋਚਿੰਗ ਸੈਂਟਰ ਦੀ ਮਦਦ ਨਹੀਂ ਲਈ। ਇਹ ਸਫਲਤਾ ਸਕੂਲ ਦੇ ਮਜ਼ਬੂਤ ਅਕਾਦਮਿਕ ਮਾਹੌਲ ਅਤੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਉੱਚ-ਗੁਣਵੱਤਾ ਵਾਲੀ ਸਿੱਖਿਆ ਨੂੰ ਦਰਸਾਉਂਦੀ ਹੈ। ਅਕੈਡਮੀ ਦੀ ਪ੍ਰਿੰਸੀਪਲ ਬਲਜੀਤ ਕੌਰ ਭੁੱਲਰ ਨੇ ਨਵਪ੍ਰੀਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜਾ ਵਿਦਿਆਰਥਣ ਦੀ ਕਠਿਨ ਮਿਹਨਤ ਅਤੇ ਅਧਿਆਪਕਾਂ ਦੀ ਸਮਰਪਿਤ ਸੇਵਾ ਦਾ ਪ੍ਰਮਾਣ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲ ਅਕੈਡਮੀ ਸਦਾ ਹੀ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਅਤੇ ਨੈਤਿਕ ਮੁੱਲਾਂ ਨਾਲ ਜੋੜ ਕੇ ਉਨ੍ਹਾਂ ਦੇ ਸਰਵਾਂਗੀਣ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਬੱਚੀ ਦੀ ਇਸ ਉਪਲਬਧੀ ਲਈ ਇਸ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਪ੍ਰਿੰਸੀਪਲ ਨੇ ਕਿਹਾ ਕਿ ਨਵਪ੍ਰੀਤ ਕੌਰ ਦੀ ਇਸ ਉਪਲਬਧੀ ਨੇ ਅਕਾਲ ਅਕੈਡਮੀ ਕੌੜੀਵਾੜਾ ਅਤੇ ਪੂਰੇ ਸਰਦੂਲਗੜ੍ਹ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ।
Leave a Reply