ਖੰਨਾ ਦੀ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਅਨੋਖੀ ਪਹਿਲ, ਸ਼ਿਕਾਇਤ ਬਾਕਸ ਨਾਲ ਵਧੀਆਂ ਲੋਕਾਂ ਦੀਆਂ ਉਮੀਦਾਂ

ਖੰਨਾ ਦੀ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਅਨੋਖੀ ਪਹਿਲ, ਸ਼ਿਕਾਇਤ ਬਾਕਸ ਨਾਲ ਵਧੀਆਂ ਲੋਕਾਂ ਦੀਆਂ ਉਮੀਦਾਂ

(ਹਰਪ੍ਰੀਤ ਸਿੰਘ ਪ੍ਰਿੰਸ)- ਆਮ ਲੋਕਾਂ ਅਤੇ ਪੁਲਿਸ ਵਿਚਕਾਰ ਭਰੋਸਾ ਮਜ਼ਬੂਤ ਕਰਨ ਲਈ ਖੰਨਾ ਦੀ ਐਸਐਸਪੀ ਡਾ. ਦਰਪਣ ਆਹਲੂਵਾਲੀਆ ਵੱਲੋਂ ਇੱਕ ਸ਼ਲਾਘਾਯੋਗ ਅਤੇ ਅਨੋਖੀ ਪਹਿਲ ਕੀਤੀ ਗਈ ਹੈ। ਉਨ੍ਹਾਂ ਨੇ ਆਪਣੇ ਦਫ਼ਤਰ ਦੇ ਬਾਹਰ ਇੱਕ ਸ਼ਿਕਾਇਤ ਬਾਕਸ ਲਗਾਇਆ ਹੈ, ਜਿਸ 'ਚ ਕੋਈ ਵੀ ਵਿਅਕਤੀ ਆਪਣੀ ਸ਼ਿਕਾਇਤ ਜਾਂ ਜਾਣਕਾਰੀ ਗੁਪਤ ਤੌਰ ‘ਤੇ ਪਾ ਸਕਦਾ ਹੈ। ਇਸ ਪਹਿਲ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਬਾਕਸ ਨੂੰ ਖੁਦ ਐਸਐਸਪੀ ਵੱਲੋਂ ਹੀ ਖੋਲ੍ਹਿਆ ਜਾਂਦਾ ਹੈ, ਤਾਂ ਜੋ ਸ਼ਿਕਾਇਤਕਰਤਾ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰਹੇ ਅਤੇ ਲੋਕਾਂ ਦਾ ਭਰੋਸਾ ਕਾਇਮ ਰਹੇ। ਬਾਕਸ 'ਚ ਸ਼ਿਕਾਇਤ ਜਾਂ ਸੁਝਾਅ ਪਾਉਣ ਵਾਲੇ ਨਾਗਰਿਕ ਨੂੰ ਇਹ ਯਕੀਨੀ ਰਹੇਗਾ ਕਿ ਉਸਦਾ ਪੱਤਰ ਸਿੱਧਾ ਐਸਐਸਪੀ ਦੇ ਹੱਥਾਂ 'ਚ ਪਹੁੰਚਿਆ ਹੈ। ਕਈ ਵਾਰ ਦੇਖਿਆ ਜਾਂਦਾ ਹੈ ਕਿ ਅਕਸਰ ਲੋਕ ਡਰ ਜਾਂ ਝਿਜਕ ਕਾਰਨ ਪੁਲਿਸ ਕੋਲ ਖੁੱਲ੍ਹ ਕੇ ਸ਼ਿਕਾਇਤ ਨਹੀਂ ਕਰ ਸਕਦੇ, ਖਾਸ ਕਰਕੇ ਨਸ਼ੇ, ਅਪਰਾਧ ਜਾਂ ਦਬਾਅ ਨਾਲ ਸਬੰਧਿਤ ਮਾਮਲਿਆਂ 'ਚ ਲੋਕ ਸਾਹਮਣੇ ਆਉਣ ਤੋਂ ਕਤਰਾਉਂਦੇ ਹਨ। ਅਜਿਹੇ ਹਾਲਾਤਾਂ 'ਚ ਇਹ ਸ਼ਿਕਾਇਤ ਬਾਕਸ ਇੱਕ ਸੁਰੱਖਿਅਤ ਮਾਧਿਅਮ ਵਜੋਂ ਸਾਹਮਣੇ ਆਇਆ ਹੈ, ਜਿੱਥੇ ਲੋਕ ਬਿਨਾਂ ਆਪਣਾ ਨਾਮ ਦੱਸੇ ਵੀ ਆਪਣੀ ਗੱਲ ਪ੍ਰਸ਼ਾਸਨ ਤੱਕ ਪਹੁੰਚਾ ਸਕਦੇ ਹਨ। ਇਸ ਪਹਿਲ ਨਾਲ ਲੋਕਾਂ 'ਚ ਇੱਕ ਸਕਾਰਾਤਮਕ ਸੰਦੇਸ਼ ਗਿਆ ਹੈ ਕਿ ਉਨ੍ਹਾਂ ਦੀ ਆਵਾਜ਼ ਸਿੱਧੀ ਐਸਐਸਪੀ ਤੱਕ ਪਹੁੰਚੇਗੀ ਅਤੇ ਉਨ੍ਹਾਂ ਦੀ ਪਛਾਣ ਸੁਰੱਖਿਅਤ ਰਹੇਗੀ। ਕਈ ਸਮਾਜਿਕ ਸੰਸਥਾਵਾਂ ਅਤੇ ਆਮ ਨਾਗਰਿਕਾਂ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਅਪਰਾਧਾਂ ‘ਤੇ ਕਾਬੂ ਪਾਉਣ 'ਚ ਮਦਦ ਮਿਲੇਗੀ ਅਤੇ ਲੋਕ ਬਿਨਾਂ ਡਰ ਗਲਤ ਗਤੀਵਿਧੀਆਂ ਬਾਰੇ ਜਾਣਕਾਰੀ ਦੇ ਸਕਣਗੇ। ਐਸਐਸਪੀ ਡਾ. ਦਰਪਣ ਆਹਲੂਵਾਲੀਆ ਵੱਲੋਂ ਖੁਦ ਸ਼ਿਕਾਇਤ ਬਾਕਸ ਖੋਲ੍ਹਣ ਦਾ ਫੈਸਲਾ ਇਸ ਪਹਿਲ ਨੂੰ ਹੋਰ ਵੀ ਭਰੋਸੇਯੋਗ ਬਣਾਉਂਦਾ ਹੈ। ਇਸ ਨਾਲ ਇਹ ਯਕੀਨੀ ਬਣਦਾ ਹੈ ਕਿ ਸ਼ਿਕਾਇਤ ਕਿਸੇ ਵੀ ਪੱਧਰ ‘ਤੇ ਲੀਕ ਨਾ ਹੋਵੇ ਅਤੇ ਸਿੱਧੀ ਉਨ੍ਹਾਂ ਤੱਕ ਪਹੁੰਚੇ। ਇਸ ਨਾਲ ਲੋਕਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ। ਐਸਐਸਪੀ ਨੇ ਕਿਹਾ ਕਿ ਇਹ ਪਹਿਲ ਉਦੋਂ ਹੀ ਕਾਮਯਾਬ ਹੋਵੇਗੀ ਜਦੋਂ ਲੋਕ ਇਸਦਾ ਸਹੀ ਇਸਤੇਮਾਲ ਕਰਨ, ਜੇਕਰ ਕਿਸੇ ਕੋਲ ਕਿਸੇ ਅਪਰਾਧ, ਨਸ਼ਾ ਤਸਕਰੀ, ਗੈਰਕਾਨੂੰਨੀ ਗਤੀਵਿਧੀ ਜਾਂ ਹੋਰ ਕਿਸੇ ਸਮੱਸਿਆ ਨਾਲ ਸੰਬੰਧਿਤ ਜਾਣਕਾਰੀ ਹੈ, ਤਾਂ ਉਹ ਬਿਨਾਂ ਡਰ ਇਸ ਬਾਕਸ 'ਚ ਪਾ ਸਕਦੇ ਹਨ। ਸਮਾਜ ਦੀ ਭਲਾਈ ਲਈ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗਲਤ ਕੰਮਾਂ ਦੇ ਖ਼ਿਲਾਫ਼ ਆਵਾਜ਼ ਉਠਾਏ। ਜੇਕਰ ਪੁਲਿਸ ਵਿਭਾਗ 'ਚ ਕਿਸੇ ਸੁਧਾਰ ਦੀ ਲੋੜ ਹੈ, ਤਾਂ ਉਸ ਬਾਰੇ ਵੀ ਸੁਝਾਅ ਦਿੱਤੇ ਜਾਣ, ਚੰਗੇ ਸੁਝਾਵਾਂ ‘ਤੇ ਜ਼ਰੂਰ ਵਿਚਾਰ ਕੀਤਾ ਜਾਵੇਗਾ। ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਇਹ ਪਹਿਲ ਨਾ ਸਿਰਫ ਪੁਲਿਸ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦੀ ਹੈ, ਸਗੋਂ ਸਮਾਜ ਨੂੰ ਵੀ ਜਾਗਰੂਕ ਕਰਦੀ ਹੈ। ਇਹ ਪਹਿਲ ਸਪੱਸ਼ਟ ਸੰਦੇਸ਼ ਦਿੰਦੀ ਹੈ ਕਿ ਪ੍ਰਸ਼ਾਸਨ ਲੋਕਾਂ ਦੇ ਨਾਲ ਖੜ੍ਹਾ ਹੈ ਅਤੇ ਹਰ ਵਿਅਕਤੀ ਦੀ ਸੁਰੱਖਿਆ ਅਤੇ ਇਨਸਾਫ਼ ਯਕੀਨੀ ਬਣਾਉਣਾ ਉਹਨਾਂ ਦੀ ਪਹਿਲ ਹੈ।