ਰਾਜਸਥਾਨ ਦੀ ਕੈਮੀਕਲ ਫੈਕਟਰੀ ’ਚ ਭਿਆਨਕ ਧਮਾਕਾ, 8 ਮਜ਼ਦੂਰਾਂ ਦੀ ਮੌਤ

ਰਾਜਸਥਾਨ ਦੀ ਕੈਮੀਕਲ ਫੈਕਟਰੀ ’ਚ ਭਿਆਨਕ ਧਮਾਕਾ, 8 ਮਜ਼ਦੂਰਾਂ ਦੀ ਮੌਤ

ਖੁਸ਼ਖੇੜਾ ਉਦਯੋਗਿਕ ਖੇਤਰ ਵਿੱਚ ਵਾਪਰਿਆ ਹਾਦਸਾ; ਕਈ ਜਣਿਆਂ ਦੇ ਅੰਦਰ ਫਸੇ ਹੋਣ ਦਾ ਖਦਸ਼ਾ ਰਾਜਸਥਾਨ ਦੇ ਭਿਵਾੜੀ ਦੇ ਖੁਸ਼ਖੇੜਾ ਉਦਯੋਗਿਕ ਖੇਤਰ ਦੀ ਇਕ ਕੈਮੀਕਲ ਫੈਕਟਰੀ ਵਿੱਚ ਅੱਜ ਸਵੇਰ ਅੱਗ ਲੱਗ ਗਈ। ਇਸ ਤੋਂ ਬਾਅਦ ਕਈ ਧਮਾਕੇ ਹੋਏ ਤੇ ਅੱਗ ਤੇਜ਼ੀ ਨਾਲ ਫੈਲੀ ਜਿਸ ਕਾਰਨ ਅੱਠ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਮਜ਼ਦੂਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਮੌਕੇ ’ਤੇ ਪਹੁੰਚੀਆਂ ਫਾਇਰ ਵਿਭਾਗ ਦੀਆਂ ਕਈ ਗੱਡੀਆਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਕਾਫੀ ਜਾਨੀ-ਮਾਲੀ ਨੁਕਸਾਨ ਹੋ ਚੁੱਕਾ ਸੀ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਹੁਣ ਤੱਕ ਅੱਠ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਹਾਲੇ ਵੀ ਕਈ ਮਜ਼ਦੂਰਾਂ ਦੇ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ, ਜਿਸ ਕਾਰਨ ਬਚਾਅ ਕਾਰਜ (Rescue Operation) ਜਾਰੀ ਹੈ। ਫੈਕਟਰੀ ਵਿੱਚ ਕੈਮੀਕਲ ਅਤੇ ਹੋਰ ਜਲਣਸ਼ੀਲ ਪਦਾਰਥ ਹੋਣ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲੀ। ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਆਲੇ-ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਭਿਵਾੜੀ ਦੇ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।