ਦੁਬਈ ਤੋਂ ਇਜ਼ਰਾਈਲ ਜਾ ਰਹੀ ਉਡਾਣ ਵਿੱਚ ਟਲਿਆ ਵੱਡਾ ਹਾਦਸਾ; ਜ਼ਖ਼ਮੀ ਹੋਣ ਦੇ ਬਾਵਜੂਦ ਭਾਰਤੀ ਪਾਇਲਟ ਨੇ ਬਚਾਈਆਂ ਜਾਨਾਂ

ਦੁਬਈ ਤੋਂ ਇਜ਼ਰਾਈਲ ਜਾ ਰਹੀ ਉਡਾਣ ਵਿੱਚ ਟਲਿਆ ਵੱਡਾ ਹਾਦਸਾ; ਜ਼ਖ਼ਮੀ ਹੋਣ ਦੇ ਬਾਵਜੂਦ ਭਾਰਤੀ ਪਾਇਲਟ ਨੇ ਬਚਾਈਆਂ ਜਾਨਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤੀ ਪਾਇਲਟ ਕੈਪਟਨ ਸਮਿਤ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਅਦੁੱਤੀ ਬਹਾਦਰੀ ਤੇ ਸੂਝ-ਬੂਝ ਦੀ ਭਰਪੂਰ ਸ਼ਲਾਘਾ ਕੀਤੀ। ਇਜ਼ਰਾਈਲ ਜਾ ਰਹੇ ਜਹਾਜ਼ ਦੌਰਾਨ ਆਈ ਗੰਭੀਰ ਮੁਸ਼ਕਿਲ ਵਿੱਚ ਕੈਪਟਨ ਸਮਿਤ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ 174 ਯਾਤਰੀਆਂ ਦੀ ਜਾਨ ਬਚਾਈ ਸੀ। ਪ੍ਰਧਾਨ ਮੰਤਰੀ ਨੇ ਕੈਪਟਨ ਨੂੰ ਦੱਸਿਆ ਕਿ ਪੂਰਾ ਦੇਸ਼ ਉਨ੍ਹਾਂ ਦੀ ਤੰਦਰੁਸਤੀ ਲਈ ਪ੍ਰਾਰਥਨਾ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਮਹਾਮ੍ਰਿਤੁੰਜਯ ਮੰਤਰ ਦਾ ਜਾਪ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੇ ਲੋਕ ਦੂਜਿਆਂ ਦੀ ਜਾਨ ਲੈਣ ਵਾਲੇ ਨਹੀਂ, ਸਗੋਂ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਦੂਜਿਆਂ ਦੀ ਰੱਖਿਆ ਕਰਨ ਵਾਲੇ ਹਨ। ਇਹ ਘਟਨਾ ਬੁੱਧਵਾਰ ਨੂੰ ਫ਼ਲਾਈਦੁਬਈ ਦੀ ਦੁਬਈ ਤੋਂ ਤਲ ਅਵੀਵ ਜਾ ਰਹੀ ਉਡਾਣ ਦੌਰਾਨ ਵਾਪਰੀ ਸੀ, ਜਿਸ ਵਿੱਚ 174 ਲੋਕ ਸਵਾਰ ਸਨ ਅਤੇ ਜ਼ਿਆਦਾਤਰ ਯਾਤਰੀ ਇਜ਼ਰਾਇਲੀ ਸਨ। ਸਫ਼ਰ ਦੌਰਾਨ ਕੋ-ਪਾਇਲਟ ਨੇ ਜਹਾਜ਼ ਦੇ ਭਾਰਤੀ ਕੈਪਟਨ ਨੂੰ ਚਾਕੂ ਮਾਰ ਦਿੱਤਾ ਅਤੇ ਕਥਿਤ ਤੌਰ ’ਤੇ ਜਹਾਜ਼ ਨੂੰ ਕਰੈਸ਼ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਜਹਾਜ਼ ਤੇਜ਼ੀ ਨਾਲ ਹੇਠਾਂ ਵੱਲ ਜਾਣ ਲੱਗਾ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੇ ਬਾਵਜੂਦ ਕੈਪਟਨ ਸਮਿਤ ਨੇ ਹਿੰਮਤ ਨਹੀਂ ਹਾਰੀ ਅਤੇ ਕਾਕਪਿਟ ਦਾ ਦਰਵਾਜ਼ਾ ਖೋਲ੍ਹ ਦਿੱਤਾ। ਇਸ ਤੋਂ ਬਾਅਦ ਕੁਝ ਯਾਤਰੀਆਂ ਅਤੇ ਕਰਮਚਾਰੀਆਂ ਨੇ ਅੰਦਰ ਪਹੁੰਚ ਕੇ ਹਮਲਾਵਰ ਨੂੰ ਕਾਬੂ ਕੀਤਾ ਅਤੇ ਜਹਾਜ਼ ਦੀ ਸਾਊਦੀ ਅਰਬ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਕੈਪਟਨ ਸਮਿਤ ਨੇ ਖ਼ੁਲਾਸਾ ਕੀਤਾ ਕਿ ਜਦੋਂ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸਨ, ਤਾਂ ਉਸ ਮੁਸ਼ਕਿਲ ਘੜੀ ਵਿੱਚ ਉਹ ਲਗਾਤਾਰ ਹਨੂਮਾਨ ਚਾਲੀਸਾ ਦਾ ਪਾਠ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਰੱਬ ਦੀ ਕਿਰਪਾ ਅਤੇ ਉਨ੍ਹਾਂ ਦੇ 17 ਸਾਲਾਂ ਦੇ ਉਡਾਣ ਤਜਰਬੇ ਕਰਕੇ ਹੀ ਇਹ ਸੰਭਵ ਹੋ ਸਕਿਆ। ਅੱਖਾਂ ਬੰਦ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਜਹਾਜ਼ ਦੀ ਮੌਜੂਦਾ ਸਥਿਤੀ ਦਾ ਪੂਰਾ ਅਹਿਸਾਸ ਸੀ, ਜਿਸ ਨਾਲ ਉਹ ਆਖਰੀ ਮੌਕੇ ’ਤੇ ਦਰਵਾਜ਼ਾ ਖੋਲ੍ਹਣ ਵਿੱਚ ਕਾਮਯਾਬ ਹੋਏ। ਹਮਲਾਵਰ ਓਮਾਨ ਦਾ ਨਾਗਰਿਕ ਦੱਸਿਆ ਜਾ ਰਿਹਾ ਹੈ ਜਿਸ ਨੂੰ ਸਾਊਦੀ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਹੈ। ਹਾਲਾਂਕਿ ਹਮਲੇ ਦਾ ਅਸਲ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ ਅਤੇ ਵੱਖ-ਵੱਖ ਦੇਸ਼ਾਂ ਦੇ ਅਧਿਕਾਰੀ ਇਸ ਦੀ ਜਾਂਚ ਵਿੱਚ ਜੁਟੇ ਹੋਏ ਹਨ। ਇਸ ਤੋਂ ਪਹਿਲਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਹਮਲਾਵਰ ਨੂੰ ਲੈ ਕੇ ਕੁਝ ਦਾਅਵੇ ਕੀਤੇ ਸਨ, ਪਰ ਜਾਂਚ ਏਜੰਸੀਆਂ ਵੱਲੋਂ ਅਜੇ ਤੱਕ ਕੋਈ ਅੰਤਿਮ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਸਾਊਦੀ ਅਰਬ ਵਿੱਚ ਜਹਾਜ਼ ਦੇ ਸੁਰੱਖਿਅਤ ਉਤਰਨ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਇੱਕ ਹੋਰ ਉਡਾਣ ਰਾਹੀਂ ਸੁਰੱਖਿਅਤ ਇਜ਼ਰਾਈਲ ਪਹੁੰਚਾਇਆ ਗਿਆ। ਇਸ ਹਮਲੇ ਅਤੇ ਹਫੜਾ-ਦਫੜੀ ਦੌਰਾਨ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਸਨ, ਪਰ ਕੈਪਟਨ ਦੀ ਸੂਝ-ਬੂਝ ਨਾਲ ਵੱਡਾ ਜਾਨੀ ਨੁਕਸਾਨ ਟਲ ਗਿਆ।