'ਆਪਰੇਸ਼ਨ ਸਿੰਦੂਰ' ਦੌਰਾਨ ਚੀਨ ਨੇ ਪਾਕਿਸਤਾਨ ਦੀ ਕਿਉਂ ਕੀਤੀ ਸੀ ਮਦਦ? ਅਮਰੀਕੀ ਕਾਂਗਰਸ ਦੇ ਪੈਨਲ ਦੀ ਸਾਲਾਨਾ ਰਿਪੋਰਟ ਵਿੱਚ ਵੱਡਾ ਖ਼ੁਲਾਸਾ

'ਆਪਰੇਸ਼ਨ ਸਿੰਦੂਰ' ਦੌਰਾਨ ਚੀਨ ਨੇ ਪਾਕਿਸਤਾਨ ਦੀ ਕਿਉਂ ਕੀਤੀ ਸੀ ਮਦਦ? ਅਮਰੀਕੀ ਕਾਂਗਰਸ ਦੇ ਪੈਨਲ ਦੀ ਸਾਲਾਨਾ ਰਿਪੋਰਟ ਵਿੱਚ ਵੱਡਾ ਖ਼ੁਲਾਸਾ

ਮਈ 2025 ਵਿੱਚ ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਭਾਰਤ ਵੱਲੋਂ ਚਲਾਏ ਗਏ 'ਆਪਰੇਸ਼ਨ ਸਿੰਦੂਰ' ਦੌਰਾਨ ਚੀਨ ਵੱਲੋਂ ਪਾਕਿਸਤਾਨ ਨੂੰ ਦਿੱਤੀ ਗਈ ਮਦਦ ਪਿੱਛੇ ਇੱਕ ਵੱਡੀ ਰਣਨੀਤੀ ਕੰਮ ਕਰ ਰਹੀ ਸੀ। ਅਮਰੀਕੀ ਕਾਂਗਰਸ ਦੇ ਇੱਕ ਪ੍ਰਮੁੱਖ ਪੈਨਲ 'ਯੂ.ਐੱਸ.-ਚਾਈਨਾ ਇਕਨਾਮਿਕ ਐਂਡ ਸਕਿਓਰਿਟੀ ਰਿਵਿਊ ਕਮਿਸ਼ਨ' (USCC) ਦੀ ਤਾਜ਼ਾ ਸਾਲਾਨਾ ਰਿਪੋਰਟ ਵਿੱਚ ਇਹ ਖ਼ੁਲਾਸਾ ਕੀਤਾ ਗਿਆ ਹੈ ਕਿ ਚੀਨ ਨੇ ਪਾਕਿਸਤਾਨ ਨੂੰ ਫ਼ੌਜੀ ਅਤੇ ਤਕਨੀਕੀ ਸਹਾਇਤਾ ਦੇ ਕੇ ਏਸ਼ੀਆ ਵਿੱਚ ਭਾਰਤ ਦੀ ਵਧਦੀ ਤਾਕਤ ਅਤੇ ਪ੍ਰਭਾਵ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਰਿਪੋਰਟ ਅਨੁਸਾਰ, ਚੀਨ ਭਾਰਤ ਦੀ ਵਧਦੀ ਆਰਥਿਕ ਅਤੇ ਫ਼ੌਜੀ ਸਮਰੱਥਾ ਨੂੰ ਆਪਣੇ ਲਈ ਇੱਕ ਰਣਨੀਤਕ ਚੁਣੌਤੀ ਵਜੋਂ ਦੇਖਦਾ ਹੈ ਅਤੇ ਕਈ ਮੋਰਚਿਆਂ 'ਤੇ ਭਾਰਤ ਦੇ ਉਭਾਰ ਨੂੰ ਦਬਾਉਣ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਇਸ ਸੰਘਰਸ਼ ਦੌਰਾਨ ਪਾਕਿਸਤਾਨ ਨੇ ਆਧੁਨਿਕ ਚੀਨੀ ਹਥਿਆਰਾਂ ਦੀ ਵਰਤੋਂ ਕੀਤੀ, ਜਦੋਂਕਿ ਚੀਨੀ ਇੰਜੀਨੀਅਰਾਂ ਨੇ ਮੌਕੇ 'ਤੇ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਅਤੇ ਸੈਟੇਲਾਈਟ ਤੇ ਖ਼ੁਫ਼ੀਆ ਜਾਣਕਾਰੀ ਰਾਹੀਂ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਚੀਨ ਨਾਲ ਜੁੜੇ ਆਨਲਾਈਨ ਪਲੇਟਫਾਰਮਾਂ ਰਾਹੀਂ ਭਾਰਤ ਦੇ ਫਰਾਂਸੀਸੀ ਲੜਾਕੂ ਜਹਾਜ਼ 'ਰਾਫੇਲ' ਵਿਰੁੱਧ ਭਰਮ ਫੈਲਾਉਣ ਅਤੇ ਚੀਨ ਦੇ 'ਜੇ-10' (J-10) ਜਹਾਜ਼ਾਂ ਦਾ ਪ੍ਰਚਾਰ ਕਰਨ ਦੀ ਮੁਹਿੰਮ ਵੀ ਚਲਾਈ ਗਈ। ਅਮਰੀਕੀ ਪੈਨਲ ਨੇ ਚਿਤਾਵਨੀ ਦਿੱਤੀ ਹੈ ਕਿ ਚੀਨ ਦੀ ਇਹ ਰਣਨੀਤੀ ਸਿਰਫ਼ ਪਾਕਿਸਤਾਨ ਨੂੰ ਫ਼ੌਜੀ ਮਦਦ ਦੇਣ ਤੱਕ ਸੀਮਤ ਨਹੀਂ ਹੈ। ਬੀਜਿੰਗ ਵੱਲੋਂ ਸਰਹੱਦ 'ਤੇ ਬੁਨਿਆਦੀ ਢਾਂਚਾ ਮਜ਼ਬੂਤ ਕਰਕੇ ਦਬਾਅ ਬਣਾਉਣ, ਹਿੰਦ ਮਹਾਸਾਗਰ ਵਿੱਚ ਆਪਣੀ ਜਲ ਸੈਨਾ ਦੀ ਪਹੁੰਚ ਵਧਾਉਣ ਅਤੇ ਤਕਨਾਲੋਜੀ ਤੇ ਸਪਲਾਈ ਚੇਨ ਰਾਹੀਂ ਭਾਰਤ 'ਤੇ ਆਰਥਿਕ ਦਬਾਅ ਪਾਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ ਅਤੇ ਪਾਕਿਸਤਾਨ ਦੀ ਵਧਦੀ ਫ਼ੌਜੀ ਭਾਈਵਾਲੀ ਭਾਰਤ ਲਈ ਭਵਿੱਖ ਵਿੱਚ ਦੋ ਮੋਰਚਿਆਂ 'ਤੇ ਸੁਰੱਖਿਆ ਚੁਣੌਤੀ ਦਾ ਖ਼ਤਰਾ ਵਧਾ ਰਹੀ ਹੈ। ਇਸ ਸਥਿਤੀ ਦੇ ਮੱਦੇਨਜ਼ਰ, ਅਮਰੀਕੀ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਭਾਰਤ ਅਤੇ ਅਮਰੀਕਾ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਪੈਨਲ ਨੇ ਕਿਹਾ ਹੈ ਕਿ ਭਾਰਤ ਅਮਰੀਕੀ ਗੱਠਜੋੜ ਪ੍ਰਣਾਲੀ ਤੋਂ ਬਾਹਰ ਉਨ੍ਹਾਂ ਚੋਣਵੇਂ ਦੇਸ਼ਾਂ ਵਿੱਚੋਂ ਇੱਕ ਹੈ, ਜਿਸ ਕੋਲ ਚੀਨ ਨਾਲ ਲੰਬੇ ਸਮੇਂ ਦੇ ਮੁਕਾਬਲੇ ਅਤੇ ਸ਼ਕਤੀ ਸੰਤੁਲਨ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਹੈ। ਰਿਪੋਰਟ ਵਿੱਚ ਅਮਰੀਕਾ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਚੀਨੀ ਰਣਨੀਤੀਆਂ ਦਾ ਮੁਕਾਬਲਾ ਕਰਨ ਲਈ ਭਾਰਤ ਨਾਲ ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨ, ਰੱਖਿਆ ਤਕਨਾਲੋਜੀ, ਸਮੁੰਦਰੀ ਸੁਰੱਖਿਆ ਅਤੇ ਨਿਰਮਾਣ (ਮੈਨੂਫੈਕਚਰਿੰਗ) ਖੇਤਰ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰੇ।