ਅੰਮ੍ਰਿਤਧਾਰੀ ਮੈਂਬਰਾਂ ਦੇ ਮਾਮਲੇ ’ਚ ਚੀਫ਼ ਖਾਲਸਾ ਦੀਵਾਨ ਨੂੰ ਅਕਾਲ ਤਖ਼ਤ ਦਾ ਸੱਦਾ

ਅੰਮ੍ਰਿਤਧਾਰੀ ਮੈਂਬਰਾਂ ਦੇ ਮਾਮਲੇ ’ਚ ਚੀਫ਼ ਖਾਲਸਾ ਦੀਵਾਨ ਨੂੰ ਅਕਾਲ ਤਖ਼ਤ ਦਾ ਸੱਦਾ

ਚੀਫ਼ ਖਾਲਸਾ ਦੀਵਾਨ ਦੀ ਸਮੁੱਚੀ ਕਾਰਜਕਾਰੀ ਕਮੇਟੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਵੇਗੀ। ਇਹ ਪੇਸ਼ੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਜਾਰੀ ਕੀਤੇ ਗਏ ਇਕ ਅਹਿਮ ਆਦੇਸ਼ ਦੇ ਤਹਿਤ ਹੋ ਰਹੀ ਹੈ। ਜਾਣਕਾਰੀ ਅਨੁਸਾਰ, ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਪੂਰੀ ਕਾਰਜਕਾਰੀ ਕਮੇਟੀ ਨੂੰ 8 ਮਈ 2026 ਸਵੇਰੇ 10 ਵਜੇ ਨਿੱਜੀ ਤੌਰ ’ਤੇ ਹਾਜ਼ਰ ਹੋਣ ਲਈ ਕਿਹਾ ਗਿਆ ਸੀ। ਇਹ ਕਾਰਵਾਈ ਸੁਸਾਇਟੀ ਦੇ ਕੁਝ ਪ੍ਰਬੰਧਕੀ ਮੈਂਬਰਾਂ ਦੇ ਅੰਮ੍ਰਿਤਧਾਰੀ ਨਾ ਹੋਣ ਸਬੰਧੀ ਮਿਲੀ ਲਿਖਤੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ਦੌਰਾਨ ਪੱਤ੍ਰਿਕਾ ਨੰਬਰ ਅ:ਤ/26/569 ਰਾਹੀਂ ਚੀਫ਼ ਖਾਲਸਾ ਦੀਵਾਨ ਨੂੰ ਸਾਰੇ ਮੈਂਬਰਾਂ ਦੇ ਅੰਮ੍ਰਿਤਧਾਰੀ ਜਾਂ ਗੈਰ-ਅੰਮ੍ਰਿਤਧਾਰੀ ਹੋਣ ਬਾਰੇ ਸਪੱਸ਼ਟ ਵੇਰਵਾ ਅਤੇ ਸੂਚੀ ਪੇਸ਼ ਕਰਨ ਲਈ ਆਦੇਸ਼ ਜਾਰੀ ਕੀਤੇ ਗਏ ਸਨ। ਹਾਲਾਂਕਿ, ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਸੁਸਾਇਟੀ ਵੱਲੋਂ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ ਗਿਆ। ਸੂਤਰਾਂ ਅਨੁਸਾਰ, ਮਾਮਲੇ ਸਬੰਧੀ ਦੁਬਾਰਾ ਸ਼ਿਕਾਇਤ ਪ੍ਰਾਪਤ ਹੋਣ ਤੋਂ ਬਾਅਦ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ। ਇਸ ਦੇ ਚੱਲਦਿਆਂ ਸਕੱਤਰੇਤ ਵੱਲੋਂ ਪ੍ਰਬੰਧਕੀ ਕਮੇਟੀ ਨੂੰ ਨਿੱਜੀ ਤੌਰ ’ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ। ਸਿੱਖ ਪੰਥ ਦੀ ਪ੍ਰਸਿੱਧ ਸੰਸਥਾ ਚੀਫ਼ ਖਾਲਸਾ ਦੀਵਾਨ ਨਾਲ ਜੁੜੇ ਇਸ ਮਾਮਲੇ ਨੇ ਧਾਰਮਿਕ ਅਤੇ ਸਮਾਜਿਕ ਵਰਗਾਂ ਵਿੱਚ ਚਰਚਾ ਛੇੜ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਅੱਜ ਦੀ ਪੇਸ਼ੀ ਤੋਂ ਬਾਅਦ ਸੰਸਥਾ ਦੇ ਭਵਿੱਖੀ ਪ੍ਰਬੰਧਾਂ ਅਤੇ ਮਰਯਾਦਾ ਦੀ ਪਾਲਣਾ ਸਬੰਧੀ ਕੋਈ ਮਹੱਤਵਪੂਰਨ ਫੈਸਲਾ ਲਿਆ ਜਾ ਸਕਦਾ ਹੈ।