ਸਰਹੱਦੀ ਇਲਾਕੇ ‘ਚ ਨਸ਼ਾ ਸਪਲਾਈ ਮਾਡਿਊਲ ਦਾ ਪਰਦਾਫਾਸ਼, ਦੋ ਮੁਲਜ਼ਮ ਫਰਾਰ
- ਪੰਜਾਬ
- (Asia/Kolkata)
ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਸਰਹੱਦ ਪਾਰ ਤਸਕਰੀ ਨਾਲ ਜੁੜੇ ਇੱਕ ਵੱਡੇ ਨਸ਼ਾ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵੱਲੋਂ ਮੁਲਜ਼ਮ ਦੇ ਕਬਜ਼ੇ ਵਿੱਚੋਂ 4.62 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਪੁਲੀਸ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਰੋਹਨਪ੍ਰੀਤ ਸਿੰਘ ਉਰਫ਼ ਰੋਹਨ ਵਾਸੀ ਬੱਚੀਵਿੰਡ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਹੋਰ ਦੋ ਮੁਲਜ਼ਮਾਂ ਦੀ ਵੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚ ਮੋਦੇ ਸਰਹੱਦੀ ਪਿੰਡ ਦਾ ਮਨਮੀਤ ਸਿੰਘ ਅਤੇ ਅੰਬਾਲਾ ਕੈਂਟ ਦਾ ਸ਼ਿਵਮ ਸ਼ਾਮਲ ਹਨ। ਦੋਵੇਂ ਇਸ ਸਮੇਂ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਪੁਲੀਸ ਨੇ ਦੱਸਿਆ ਕਿ ਮੁਖ਼ਬਰੀ ਦੇ ਆਧਾਰ ‘ਤੇ ਅਟਾਰੀ ਨੇੜੇ ਖਾਸ ਨਾਕਾਬੰਦੀ ਕੀਤੀ ਗਈ ਸੀ। ਜਾਣਕਾਰੀ ਮੁਤਾਬਕ ਇਹ ਗਿਰੋਹ ਪਾਕਿਸਤਾਨੀ ਸਮੱਗਲਰਾਂ ਨਾਲ ਜੁੜਿਆ ਹੋਇਆ ਸੀ, ਜੋ ਸਰਹੱਦ ਪਾਰੋਂ ਹੈਰੋਇਨ ਮੰਗਵਾ ਕੇ ਸਥਾਨਕ ਤਸਕਰਾਂ ਤੱਕ ਪਹੁੰਚਾਉਂਦਾ ਸੀ। ਇਸ ਤੋਂ ਪ੍ਰਾਪਤ ਰਕਮ ਨੂੰ ਹਵਾਲਾ ਰਾਹੀਂ ਵਾਪਸ ਪਾਕਿਸਤਾਨ ਭੇਜਿਆ ਜਾਂਦਾ ਸੀ। ਕਾਰਵਾਈ ਦੌਰਾਨ ਪੁਲੀਸ ਨੇ ਰੋਹਨਪ੍ਰੀਤ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਮੋਟਰਸਾਈਕਲ ‘ਤੇ ਹੈਰੋਇਨ ਦੀ ਡਿਲੀਵਰੀ ਦੇਣ ਅਤੇ ਪੈਸੇ ਇਕੱਠੇ ਕਰਨ ਜਾ ਰਿਹਾ ਸੀ। ਤਲਾਸ਼ੀ ਦੌਰਾਨ ਉਸ ਕੋਲੋਂ 4,62,600 ਰੁਪਏ ਦੀ ਭਾਰਤੀ ਕਰੰਸੀ ਅਤੇ ਤਸਕਰੀ ਲਈ ਵਰਤਿਆ ਜਾਣ ਵਾਲਾ ਮੋਟਰਸਾਈਕਲ ਜ਼ਬਤ ਕੀਤਾ ਗਿਆ। ਪੁਲੀਸ ਨੇ ਇਸ ਮਾਮਲੇ ਵਿੱਚ ਐਨ.ਡੀ.ਪੀ.ਐਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨੈੱਟਵਰਕ ਦੇ ਕੌਮਾਂਤਰੀ ਸਬੰਧਾਂ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਵੱਡੀਆਂ ਬਰਾਮਦਗੀਆਂ ਹੋ ਸਕਦੀਆਂ ਹਨ।
Leave a Reply