ਸਰਕਾਰ ਵਿਰੋਧੀ ਪ੍ਰਦਰਸ਼ਨ: 26 ਸਾਲਾ ਨੌਜਵਾਨ ਨੂੰ ਫਾਂਸੀ ਦੀ ਸਜ਼ਾ ’ਤੇ ਵਿਵਾਦ

ਸਰਕਾਰ ਵਿਰੋਧੀ ਪ੍ਰਦਰਸ਼ਨ: 26 ਸਾਲਾ ਨੌਜਵਾਨ ਨੂੰ ਫਾਂਸੀ ਦੀ ਸਜ਼ਾ ’ਤੇ ਵਿਵਾਦ

ਤਹਿਰਾਨ, ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਪਹਿਲੀ ਵਾਰ ਕਿਸੇ ਨੌਜਵਾਨ ਪ੍ਰਦਰਸ਼ਨਕਾਰੀ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮਨੁੱਖੀ ਅਧਿਕਾਰ ਸੰਸਥਾਵਾਂ ਮੁਤਾਬਕ 26 ਸਾਲਾ ਏਰਫਾਨ ਸੋਲਤਾਨੀ ਨੂੰ ਬੁੱਧਵਾਰ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ, ਏਰਫਾਨ ਸੋਲਤਾਨੀ ਨੂੰ ਤਹਿਰਾਨ ਦੇ ਨੇੜੇ ਕਰਾਜ਼ ਸ਼ਹਿਰ ਵਿੱਚ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਨਾਰਵੇ ਵਿੱਚ ਸਥਿਤ ਗੈਰ-ਸਰਕਾਰੀ ਸੰਗਠਨ “ਈਰਾਨ ਹਿਊਮਨ ਰਾਈਟਸ” (ਆਈਐੱਚਆਰ) ਨੇ ਦਾਅਵਾ ਕੀਤਾ ਹੈ ਕਿ ਸੋਲਤਾਨੀ ਨੂੰ ਬਿਨ੍ਹਾਂ ਨਿਆਂਪੂਰਨ ਸੁਣਵਾਈ ਦੇ ਮੌਤ ਦੀ ਸਜ਼ਾ ਸੁਣਾਈ ਗਈ। ਸੰਸਥਾ ਅਨੁਸਾਰ, ਸੋਲਤਾਨੀ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਹੈ ਕਿ 14 ਜਨਵਰੀ ਨੂੰ ਫਾਂਸੀ ਦੀ ਸਜ਼ਾ ’ਤੇ ਅਮਲ ਕੀਤਾ ਜਾਵੇਗਾ। ਹਾਲਾਂਕਿ, ਈਰਾਨ ਵਿੱਚ ਸੰਚਾਰ ਸਾਧਨਾਂ ’ਤੇ ਲਗੀਆਂ ਪਾਬੰਦੀਆਂ ਕਾਰਨ ਇਸ ਜਾਣਕਾਰੀ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ। ਮਨੁੱਖੀ ਅਧਿਕਾਰ ਗਰੁੱਪਾਂ ਦਾ ਕਹਿਣਾ ਹੈ ਕਿ ਏਰਫਾਨ ਸੋਲਤਾਨੀ ’ਤੇ “ਖੁਦਾ ਦੇ ਖਿਲਾਫ਼ ਜੰਗ ਛੇੜਨ” ਦਾ ਦੋਸ਼ ਲਗਾਇਆ ਗਿਆ ਹੈ, ਜੋ ਈਰਾਨੀ ਕਾਨੂੰਨ ਅਨੁਸਾਰ ਫਾਂਸੀ ਦੀ ਸਜ਼ਾ ਯੋਗ ਅਪਰਾਧ ਹੈ। “ਨੈਸ਼ਨਲ ਯੂਨੀਅਨ ਫਾਰ ਡੈਮੋਕ੍ਰੇਸੀ ਇਨ ਈਰਾਨ” (ਐੱਨਯੂਐੱਫਡੀ) ਨੇ ਵੀ ਦਾਅਵਾ ਕੀਤਾ ਹੈ ਕਿ ਸੋਲਤਾਨੀ ਨੂੰ ਨਾ ਤਾਂ ਵਕੀਲ ਦੀ ਪੂਰੀ ਪਹੁੰਚ ਦਿੱਤੀ ਗਈ ਅਤੇ ਨਾ ਹੀ ਉਸਨੂੰ ਆਪਣੇ ਬਚਾਅ ਦਾ ਯੋਗ ਮੌਕਾ ਮਿਲਿਆ।ਇਸ ਮਾਮਲੇ ਨੂੰ ਲੈ ਕੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਗਹਿਰੀ ਚਿੰਤਾ ਜਤਾਈ ਹੈ ਅਤੇ ਈਰਾਨ ਸਰਕਾਰ ਨੂੰ ਫਾਂਸੀ ਰੋਕਣ ਅਤੇ ਨਿਆਂਪੂਰਨ ਟ੍ਰਾਇਲ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।