ਮਜ਼ਦੂਰ ਦਿਵਸ ’ਤੇ ਵਿਸ਼ੇਸ਼ ਇਜਲਾਸ ਗਰਮਾਇਆ, ਵਿਰੋਧੀ ਧਿਰ ਦੀ ਨਾਅਰੇਬਾਜ਼ੀ
- ਪੰਜਾਬ
- (Asia/Kolkata)
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ ਮਜ਼ਦੂਰ ਦਿਵਸ ਦੇ ਮੌਕੇ ’ਤੇ ਸ਼ੁਰੂ ਹੋਇਆ, ਜਿਸਦੀ ਸ਼ੁਰੂਆਤ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਈ। ਸਦਨ ਵਿੱਚ ਆਜ਼ਾਦੀ ਘੁਲਾਟੀਆ ਚਮਨ ਲਾਲ, ਵਿਸ਼ਵ ਪ੍ਰਸਿੱਧ ਫੋਟੋਗ੍ਰਾਫਰ ਰਘੂ ਰਾਏ, ਲੈਫਟੀਨੈਂਟ ਜਨਰਲ ਦੀਪੇਂਦਰ ਸਿੰਘ ਅਤੇ ਓਲੰਪੀਅਨ ਹਾਕੀ ਖਿਡਾਰੀ ਗੁਰਬਖਸ਼ ਸਿੰਘ ਨੂੰ ਯਾਦ ਕਰਦਿਆਂ ਸਾਰੇ ਵਿਧਾਇਕਾਂ ਨੇ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਰੱਖਿਆ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਸ਼ੁਰੂ ਹੋਣ ਨਾਲ ਹੀ ਸੱਤਾ ਪੱਖ ਅਤੇ ਵਿਰੋਧੀ ਧਿਰ ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲੀ। ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਹੋਈ ਤਕਰਾਰ ਨੇ ਸਦਨ ਦਾ ਮਾਹੌਲ ਗਰਮਾ ਦਿੱਤਾ। ਬਾਜਵਾ ਨੇ ਇਕ ਦਿਨ ਦੇ ਵਿਸ਼ੇਸ਼ ਇਜਲਾਸ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਰਕਾਰ ਨੂੰ ਲੰਬਾ ਅਤੇ ਨਿਯਮਿਤ ਸੈਸ਼ਨ ਬੁਲਾਉਣਾ ਚਾਹੀਦਾ ਹੈ, ਤਾਂ ਜੋ ਸੂਬੇ ਦੇ ਗੰਭੀਰ ਮੁੱਦਿਆਂ ’ਤੇ ਢੰਗ ਨਾਲ ਚਰਚਾ ਹੋ ਸਕੇ। ਇਸ ਦੌਰਾਨ ਸਦਨ ਵਿੱਚ ਤਣਾਅ ਵਧਦਾ ਗਿਆ ਅਤੇ ਸਿਆਸੀ ਖਹਿਬਾਜ਼ੀ ਆਪਣੀ ਚਰਮ ਸੀਮਾ ’ਤੇ ਪਹੁੰਚ ਗਈ। ਹਾਲਾਤ ਉਸ ਵੇਲੇ ਹੋਰ ਤਣਾਅਪੂਰਨ ਹੋ ਗਏ ਜਦੋਂ ਮੁੱਖ ਮੰਤਰੀ ਦੇ ਸਦਨ ਤੋਂ ਬਾਹਰ ਜਾਣ ਦੌਰਾਨ ਇਕ ਟਿੱਪਣੀ ਨੇ ਮਾਹੌਲ ਨੂੰ ਭੜਕਾ ਦਿੱਤਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਾਰੇ ਵਿਧਾਇਕਾਂ ਦਾ ਐਲਕੋਮੀਟਰ ਨਾਲ ਟੈਸਟ ਕਰਨ ਦੀ ਮੰਗ ਵੀ ਕੀਤੀ ਗਈ, ਜਿਸ ਨਾਲ ਸਦਨ ਵਿੱਚ ਹੋਰ ਹੰਗਾਮਾ ਹੋਇਆ। ਹੰਗਾਮੇ ਦੇ ਦਰਮਿਆਨ ਕਾਂਗਰਸੀ ਵਿਧਾਇਕਾਂ ਨੇ ਨਾਅਰੇਬਾਜ਼ੀ ਕਰਦਿਆਂ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ। ਉਨ੍ਹਾਂ ਨੇ ਸਰਕਾਰ ’ਤੇ ਤਿੱਖੇ ਦੋਸ਼ ਲਗਾਉਂਦੇ ਹੋਏ ਆਪਣਾ ਵਿਰੋਧ ਦਰਜ ਕਰਵਾਇਆ। ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਾਰ-ਵਾਰ ਹੋ ਰਹੇ ਹੰਗਾਮੇ ਅਤੇ ਤਿੱਖੀਆਂ ਟਿੱਪਣੀਆਂ ’ਤੇ ਸਖ਼ਤ ਨੋਟਿਸ ਲੈਂਦਿਆਂ ਵਿਰੋਧੀ ਧਿਰ ਨੂੰ ਤਾੜਨਾ ਕੀਤੀ। ਵਿਰੋਧੀ ਧਿਰ ਦੇ ਵਾਕਆਊਟ ਤੋਂ ਬਾਅਦ ਸਦਨ ਦੀ ਕਾਰਵਾਈ ਜਾਰੀ ਰਹੀ, ਜਿੱਥੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਅਤੇ ਅਕਾਲੀ ਦਲ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਦਲਿਤ ਭਲਾਈ ਸਕੀਮਾਂ ਦਾ ਹਵਾਲਾ ਦਿੰਦਿਆਂ ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨੇ ’ਤੇ ਲਿਆਂਦਾ ਅਤੇ ਦੋਸ਼ ਲਾਇਆ ਕਿ ਪਿਛਲੇ ਦਹਾਕਿਆਂ ਵਿੱਚ ਦਲਿਤ ਅਤੇ ਪਿੱਛੜੇ ਵਰਗਾਂ ਦੀ ਭਲਾਈ ਲਈ ਕੇਵਲ ਕਾਗਜ਼ੀ ਦਾਅਵੇ ਕੀਤੇ ਗਏ। ਇਸ ਤੋਂ ਇਲਾਵਾ, ਸੈਸ਼ਨ ਦੌਰਾਨ ਮਜ਼ਦੂਰਾਂ ਦੇ ਹਿੱਤਾਂ ਨਾਲ ਜੁੜੇ ਮੁੱਦੇ ਵੀ ਚਰਚਾ ਦਾ ਕੇਂਦਰ ਰਹੇ। ਕਿਰਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਮਜ਼ਦੂਰ ਦਿਵਸ ਮੌਕੇ ਘੱਟੋ-ਘੱਟ ਉਜਰਤਾਂ ਵਿੱਚ ਵਾਧੇ ਦੀ ਤਜਵੀਜ਼ ਪੇਸ਼ ਕੀਤੀ ਅਤੇ ਮਜ਼ਦੂਰ ਵਰਗ ਦੀ ਭਲਾਈ ਲਈ ਸਰਕਾਰ ਦੀ ਵਚਨਬੱਧਤਾ ਦੋਹਰਾਈ। ਗੌਰਤਲਬ ਹੈ ਕਿ ਇਹ ਵਿਸ਼ੇਸ਼ ਇਜਲਾਸ ਮਜ਼ਦੂਰ ਦਿਵਸ ਦੇ ਮੌਕੇ ’ਤੇ ਬੁਲਾਇਆ ਗਿਆ ਸੀ। ਜਿੱਥੇ ਸਰਕਾਰ ਨੇ ਇਸਨੂੰ ਮਜ਼ਦੂਰਾਂ ਦੇ ਹੱਕਾਂ ਲਈ ਸਮਰਪਿਤ ਦੱਸਿਆ, ਉੱਥੇ ਹੀ ਵਿਰੋਧੀ ਧਿਰ ਨੇ ਇਸ ਦੇ ਪਿੱਛੇ ਭਰੋਸਗੀ ਮਤਾ ਲਿਆਉਣ ਦੀ ਸੰਭਾਵਨਾ ਜਤਾਈ। ਇਸ ਦੌਰਾਨ ਸਦਨ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਮੈਂਬਰਾਂ ਦੀ ਗੈਰਹਾਜ਼ਰੀ ਵੀ ਚਰਚਾ ਦਾ ਵਿਸ਼ਾ ਰਹੀ।
Leave a Reply