ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਮਈ ਦਿਵਸ ਸਾਂਝੇ ਤੌਰ ਤੇ ਮਨਾਉਣ ਦਾ ਸੱਦਾ - ਗੋਇਲ
- ਸੰਗਰੂਰ
- (Asia/Kolkata)
(ਜਗਰਾਜ ਸਿੰਘ ਚਹਿਲ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ , ਸੂਬਾ ਸਕੱਤਰ ਗੁਰਮੇਲ ਸਿੰਘ ਮਾਛੀਕੇ, ਸਰਪ੍ਰਸਤ ਸੁਰਜੀਤ ਸਿੰਘ ਲੁਧਿਆਣਾ, ਸੂਬਾ ਚੇਅਰਮੈਨ ਐਚ ਐਸ ਰਾਣੂ , ਸੂਬਾ ਕੈਸ਼ੀਅਰ ਰਾਕੇਸ਼ ਕੁਮਾਰ ਮਹਿਤਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੀ ਪ੍ਰਿਤ ਅਨੁਸਾਰ ਸੂਬੇ ਭਰ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਜਿਲਾ ਅਤੇ ਬਲਾਕ ਕਮੇਟੀਆਂ ਨੂੰ ਕਿਰਤੀਆਂ ਦੇ ਮਹਾਨ ਦਿਹਾੜੇ ਨੂੰ ਸਮਰਪਿਤ ਮਜਦੂਰ ਦਿਵਸ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਲੋਟੂ ਸਰਮਾਏਦਾਰੀ ਨਿਜ਼ਾਮ ਦੀ ਬੇਕਿਰਕ ਲੁੱਟ ਅਤੇ ਕੰਮ ਸਮੇਂ ਵਿੱਚ ਕੀਤਾ ਅਥਾਹ ਵਾਧਾ ਜਦੋਂ ਕਿ ਕੰਮ ਦਿਹਾੜੀ ਨੂੰ ਅੱਠ ਘੰਟੇ ਸਮੇਂ ਦੀ ਮੰਗ ਨੂੰ ਜਾਨ ਹੂਲਵੇਂ ਸੰਘਰਸ਼ ਲੜ ਕੇ ਪੂਰੇ ਸੰਸਾਰ ਵਿੱਚ ਲਾਗੂ ਕਰਵਾਇਆ ਸੀ। ਪ੍ਰੰਤੂ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਰਤੀ ਲੋਕਾਂ ਦੇ ਹੱਕ ਵਿੱਚ ਬਣੇ ਕਾਨੂੰਨਾਂ ਨੂੰ ਆਨੇ ਬਹਾਨੇ ਘੱਟੇ ਰੋਲਣ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਨੂੰ ਚਾਰ ਕੋਡਾਂ ਵਿੱਚ ਬਦਲ ਕੇ ਮਜਦੂਰ ਜਮਾਤ ਨਾਲ ਬੇ ਇਨਸਾਫ਼ੀ ਕੀਤੀ ਹੈ। ਸਰਮਾਏਦਾਰੀ ਦੇ ਹੱਕ ਵਿੱਚ ਮੁੜ ਅੱਠ ਘੰਟੇ ਦਿਹਾੜੀ ਨੂੰ ਬਾਰਾ ਘੰਟੇ ਵਿੱਚ ਤਬਦੀਲ ਕਰਕੇ ਲਾਗੂ ਕਰ ਦਿੱਤਾ ਹੈ। ਮਜਦੂਰ ਜਮਾਤ ਪਹਿਲਾਂ ਹੀ ਘੱਟ ਉਜਰਤ ਅਤੇ ਵੱਧ ਰਹੀ ਮਹਿੰਗਾਈ ਕਾਰਣ ਭੁੱਖਮਰੀ ਦਾ ਸ਼ਿਕਾਰ ਹੈ। ਜਿਸ ਕਾਰਣ ਦੇਸ਼ ਵਿੱਚ ਮਜਦੂਰ ਵਰਗ ਸੰਘਰਸ਼ ਕਰਨ ਲਈ ਮਜਬੂਰ ਹੈ। ਸਰਕਾਰ ਵੱਲੋਂ ਮਜਦੂਰਾਂ ਦੇ ਸੰਘਰਸ਼ ਉੱਪਰ ਅੰਨ੍ਹਾ ਤਸ਼ੱਦਦ ਢਾਹਿਆ ਜਾਂ ਰਿਹਾ ਹੈ। ਪਿਛਲੇ ਸਮੇਂ ਨੋਇਡਾ ਅਤੇ ਜੀਰਾ ਵਿੱਚ ਮਜਦੂਰਾਂ ਉੱਪਰ ਲਾਠੀਚਾਰਜ ਅਤੇ ਪੁਲਿਸ ਕੇਸ ਇਸ ਦੀ ਤਾਜ਼ਾ ਮਿਸਾਲ ਹੈ। ਇਸ ਲਈ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਨਿੱਜੀਕਰਨ ਦੀਆਂ ਨੀਤੀਆਂ ਖਿਲਾਫ਼ ਸਾਂਝੇ ਘੋਲਾਂ ਲਈ ਮੰਚ ਤਿਆਰ ਕਰਕੇ ਸੰਘਰਸ਼ ਕਰਨਾ ਸਮੇਂ ਦੀ ਅਹਿਮ ਲੋੜ ਹੈ। ਨਾਲ ਹੀ ਪਿਛਲੇ ਦਿਨੀਂ 16 ਅਪ੍ਰੈਲ ਨੂੰ ਪੰਜਾਬ ਭਵਨ ਵਿਖੇ ਪੰਜਾਬ ਸਰਕਾਰ ਦੀ ਕੈਬਨਿਟ ਸਬ ਕਮੇਟੀ ਨਾਲ ਮਾਨਯੋਗ ਵਿੱਤ ਮੰਤਰੀ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਚੇਅਰਮੈਨਸਿਪ ਵਿੱਚ ਸੂਬਾ ਆਗੂਆਂ ਦੇ ਵਫ਼ਦ ਦੀ ਹੋਈ ਮੀਟਿੰਗ ਸਬੰਧੀ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਪਾਰਟ ਟਾਈਮ ਟਰੇਨਿੰਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ। ਅਤੇ ਮੁੜ 27 ਅਪ੍ਰੈਲ ਨੂੰ ਮਿੰਨੀ ਸਕੱਤਰੇਤ ਚੰਡੀਗੜ੍ਹ ਵਿਖੇ ਪ੍ਰਿੰਸੀਪਲ ਸਿਹਤ ਸਕੱਤਰ ਸ੍ਰੀ ਕੁਮਾਰ ਰਾਹੁਲ ਜੀ ਨਾਲ ਹੋਈ ਹਾਂ ਵਾਚਕ ਮੀਟਿੰਗ ਹੋਈ ਹੈ ਪ੍ਰੰਤੂ ਅਮਲੀ ਰੂਪ ਵਿੱਚ ਲਾਗੂ ਕਰਵਾਉਣ ਲਈ ਹੋਰ ਸਾਰਥਿਕ ਯਤਨਾਂ ਦੀ ਅਹਿਮ ਜਰੂਰਤ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਹੈਲਥ ਪਰੋਵਾਈਡਰ ਵਰਕਰ ਦੀ ਸਿਖਲਾਈ ਜਲਦੀ ਸ਼ੁਰੂ ਕਰਵਾਉਣ ਦੀ ਮੰਗ ਦੁਹਰਾਈ ਅਤੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਜਥੇਬੰਦਕ ਤਾਕਤ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਬਟਾਲਾ, ਸੀ ਆਰ ਸੰਕਰ , ਜਸਵਿੰਦਰ ਸਿੰਘ ਭੋਗਲ ਅਤੇ ਮੀਤ ਪ੍ਰਧਾਨ ਦਿਲਦਾਰ ਸਿੰਘ ਚਾਹਲ ਨੇ ਮਈ ਦਿਵਸ਼ ਸਾਂਝੇ ਤੌਰ ਤੇ ਮਨਾਉਣ ਦਾ ਸੱਦਾ ਦਿੱਤਾ।
Leave a Reply