ਅਮਰੀਕਾ ਨਾਲ ਵਧਦੇ ਤਣਾਅ ਦਰਮਿਆਨ ਵੇਨੇਜ਼ੁਏਲਾ ’ਚ ਐਮਰਜੈਂਸੀ ਵਰਗੀ ਸਥਿਤੀ

ਅਮਰੀਕਾ ਨਾਲ ਵਧਦੇ ਤਣਾਅ ਦਰਮਿਆਨ ਵੇਨੇਜ਼ੁਏਲਾ ’ਚ ਐਮਰਜੈਂਸੀ ਵਰਗੀ ਸਥਿਤੀ

ਰਾਸ਼ਟਰਪਤੀ ਮਾਦੁਰੋ ਵੱਲੋਂ ਸਮਰਥਕਾਂ ਨੂੰ ਸੜਕਾਂ ’ਤੇ ਉਤਰਨ ਦਾ ਸੱਦਾ
ਕਾਰਾਕਸ,
ਸ਼ਨੀਵਾਰ ਨੂੰ ਵੈਨੇਜ਼ੁਏਲਾ ਦੇ ਕਰਾਕਸ ਵਿੱਚ ਧਮਾਕਿਆਂ ਅਤੇ ਘੱਟ ਉਡਾਣ ਵਾਲੇ ਜਹਾਜ਼ਾਂ ਦੀ ਆਵਾਜ਼ ਸੁਣਾਈ ਦੇਣ ਤੋਂ ਬਾਅਦ ਲਾ ਕਾਰਲੋਟਾ ਹਵਾਈ ਅੱਡੇ 'ਤੇ ਧੂੰਆਂ ਉੱਠਿਆ। ਏਪੀ/ਪੀਟੀਆਈ ਫੋਟੋ।
ਵੈਨੇਜ਼ੁਏਲਾ ਦੀ ਸਰਕਾਰ ਨੇ ਅਮਰੀਕਾ ’ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਸ਼ਨੀਵਾਰ ਤੜਕੇ ਦੇਸ਼ ਦੀਆਂ ਕਈ ਨਾਗਰਿਕ ਅਤੇ ਫੌਜੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਹੈ।
ਰਾਜਧਾਨੀ ਕਾਰਾਕਸ ਵਿੱਚ ਸਥਾਨਕ ਸਮੇਂ ਅਨੁਸਾਰ ਰਾਤ ਦੇ 2 ਵਜੇ ਦੇ ਕਰੀਬ ਘੱਟੋ-ਘੱਟ ਸੱਤ ਜ਼ੋਰਦਾਰ ਧਮਾਕੇ ਸੁਣੇ ਗਏ ਅਤੇ ਅਸਮਾਨ ਵਿੱਚ ਨੀਵੀਂ ਉਡਾਣ ਭਰਦੇ ਜਹਾਜ਼ ਦੇਖੇ ਗਏ।
ਇਨ੍ਹਾਂ ਧਮਾਕਿਆਂ ਕਾਰਨ ਸ਼ਹਿਰ ਦੀਆਂ ਕਈ ਇਮਾਰਤਾਂ ਹਿੱਲ ਗਈਆਂ ਅਤੇ ਫੌਜੀ ਟਿਕਾਣਿਆਂ ਤੋਂ ਧੂੰਆਂ ਉੱਠਦਾ ਦੇਖਿਆ ਗਿਆ। ਇਸ ਹਮਲੇ ਤੋਂ ਬਾਅਦ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਦੇਸ਼ ਦੀ ਰੱਖਿਆ ਪ੍ਰਣਾਲੀ ਨੂੰ ਸਰਗਰਮ ਕਰਦਿਆਂ ‘ਸਟੇਟ ਆਫ ਐਕਸਟਰਨਲ ਡਿਸਟਰਬੈਂਸ’ (ਬਾਹਰੀ ਗੜਬੜੀ ਦੀ ਸਥਿਤੀ) ਦਾ ਐਲਾਨ ਕਰ ਦਿੱਤਾ ਹੈ ਅਤੇ ਆਪਣੇ ਸਮਰਥਕਾਂ ਨੂੰ ਇਸ ਸਾਮਰਾਜਵਾਦੀ ਹਮਲੇ ਦਾ ਵਿਰੋਧ ਕਰਨ ਲਈ ਸੜਕਾਂ ’ਤੇ ਉਤਰਨ ਦੀ ਅਪੀਲ ਕੀਤੀ ਹੈ।
ਦੂਜੇ ਪਾਸੇ, ਅਮਰੀਕਾ ਵੱਲੋਂ ਫਿਲਹਾਲ ਇਸ ਮਾਮਲੇ ’ਤੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ, ਪਰ ਪਿਛਲੇ ਕੁਝ ਦਿਨਾਂ ਤੋਂ ਅਮਰੀਕੀ ਫੌਜ ਕੈਰੇਬੀਅਨ ਸਾਗਰ ਵਿੱਚ ਕਥਿਤ ਨਸ਼ਾ ਤਸਕਰੀ ਕਰਨ ਵਾਲੀਆਂ ਕਿਸ਼ਤੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਜ਼ਿਕਰਯੋਗ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਹਿਲਾਂ ਹੀ ਵੈਨੇਜ਼ੁਏਲਾ ਵਿੱਚ ਸਿੱਧੀ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ, ਜਿਸ ਨੂੰ ਉਹ ਨਸ਼ਾ ਤਸਕਰੀ ਵਿਰੁੱਧ ਜੰਗ ਦਾ ਹਿੱਸਾ ਦੱਸ ਰਹੇ ਹਨ।
ਮਾਦੁਰੋ ਦਾ ਕਹਿਣਾ ਹੈ ਕਿ ਅਮਰੀਕਾ ਅਸਲ ਵਿੱਚ ਵੈਨੇਜ਼ੁਏਲਾ ਦੀ ਸੱਤਾ ਬਦਲ ਕੇ ਇੱਥੋਂ ਦੇ ਤੇਲ ਭੰਡਾਰਾਂ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਘਟਨਾ ਨਾਲ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਸਿਖਰ ’ਤੇ ਪਹੁੰਚ ਗਿਆ ਹੈ ਅਤੇ ਖੇਤਰ ਵਿੱਚ ਜੰਗ ਵਰਗੇ ਹਾਲਾਤ ਬਣ ਗਏ ਹਨ।
ਉਧਰ ਦੂਜੇ ਪਾਸੇ ਇੱਕ ਅਮਰੀਕੀ ਅਧਿਕਾਰੀ ਨੇ ਸ਼ਨੀਵਾਰ ਸਵੇਰੇ ਦੱਸਿਆ ਕਿ ਸੰਯੁਕਤ ਰਾਜ ਵੈਨੇਜ਼ੁਏਲਾ ਦੇ ਅੰਦਰ ਹਮਲੇ ਕਰ ਰਿਹਾ ਹੈ। ਅਧਿਕਾਰੀ, ਜੋ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਬੋਲ ਰਿਹਾ ਸੀ, ਨੇ ਵੇਰਵੇ ਨਹੀਂ ਦਿੱਤੇ।