Daily Suraj

ਪੰਜਾਬੀ

ਮੋਹਾਲੀ ਡਿੰਪਲ ਖੱਤਰੀ ਕਤਲ ਮਾਮਲਾ: ਪੁਲਿਸ ਨੇ ਅਦਾਲਤ ’ਚ ਦਾਖਲ ਕੀਤੀ ਕਰੀਬ 300 ਪੰਨਿਆਂ ਦੀ ਚਾਰਜਸ਼ੀਟ

29 Aug, 2026 11:39 AM

ਮੋਹਾਲੀ ਵਿੱਚ ਡਿੰਪਲ ਖੱਤਰੀ ਦੀ ਹੱਤਿਆ ਦੇ ਮਾਮਲੇ ਵਿੱਚ ਫੇਜ਼-11 ਥਾਣਾ ਪੁਲਿਸ ਨੇ ਮੁਲਜ਼ਮ ਹਰਜਿੰਦਰ ਸਿੰਘ ਮਾਨ ਖ਼ਿਲਾਫ਼ ਕਰੀਬ 300 ਪੰਨਿਆਂ ਦੀ ਚਾਰਜਸ਼ੀਟ ਅਦਾਲਤ ਵਿੱਚ ਦਾਖਲ ਕਰ ਦਿੱਤੀ ਹੈ। ਪੁਲਿਸ ਵੱਲੋਂ ਚਾਰਜਸ਼ੀਟ ਵਿੱਚ ਲਗਭਗ 35 ਗਵਾਹਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਾਮਲੇ ਨਾਲ ਸਬੰਧਤ ਕਈ ਅਹਿਮ ਸਬੂਤ ਵੀ ਅਦਾਲਤ ਅੱਗੇ ਪੇਸ਼ ਕੀਤੇ ਗਏ ਹਨ। ਪੁਲਿਸ ਜਾਂਚ ਅਨੁਸਾਰ ਡਿੰਪਲ ਖੱਤਰੀ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਹਰਜਿੰਦਰ ਸਿੰਘ ਨਾਲ ਗੱਲਬਾਤ ਨਹੀਂ ਕਰ ਰਹੀ ਸੀ। 4 ਜੂਨ ਦੀ ਸ਼ਾਮ ਕਰੀਬ 7:40 ਵਜੇ ਹਰਜਿੰਦਰ ਸਿੰਘ ਕੰਪਨੀ ਦੇ ਦਫ਼ਤਰ ਪਹੁੰਚਿਆ ਸੀ। ਪੁਲਿਸ ਮੁਤਾਬਕ ਦੋਵਾਂ ਵਿਚਕਾਰ ਗੱਲਬਾਤ ਦੌਰਾਨ ਮੁਲਜ਼ਮ ਕਥਿਤ ਤੌਰ ’ਤੇ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਡਿੰਪਲ ’ਤੇ ਚਾਕੂ ਨਾਲ ਲਗਾਤਾਰ ਵਾਰ ਕੀਤੇ। ਗੰਭੀਰ ਸੱਟਾਂ ਕਾਰਨ ਡਿੰਪਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਹਰਜਿੰਦਰ ਸਿੰਘ ਨੇ ਕਥਿਤ ਤੌਰ ’ਤੇ ਖੁਦ ਨੂੰ ਵੀ ਚਾਕੂ ਮਾਰ ਕੇ ਜ਼ਖ਼ਮੀ ਕਰ ਲਿਆ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। 9 ਜੂਨ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਪੁਲਿਸ ਨੇ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਵਾਰਦਾਤ ਤੋਂ ਪਹਿਲਾਂ ਆਨਲਾਈਨ ਮੰਗਵਾਏ ਸਨ ਦੋ ਚਾਕੂ ਪੁਲਿਸ ਦੀ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਮੁਲਜ਼ਮ ਨੇ ਕਥਿਤ ਤੌਰ ’ਤੇ ਵਾਰਦਾਤ ਤੋਂ ਪਹਿਲਾਂ ਦੋ ਚਾਕੂ ਆਨਲਾਈਨ ਆਰਡਰ ਕੀਤੇ ਸਨ। ਪੁਲਿਸ ਨੇ ਦੋਵੇਂ ਚਾਕੂ ਬਰਾਮਦ ਕਰ ਲਏ ਹਨ। ਇਸ ਤੋਂ ਇਲਾਵਾ ਘਟਨਾ ਸਥਾਨ ਅਤੇ ਇਸ ਦੇ ਆਲੇ-ਦੁਆਲੇ ਲੱਗੇ CCTV ਕੈਮਰਿਆਂ ਦੀ ਫੁਟੇਜ ਨੂੰ ਵੀ ਜਾਂਚ ਦਾ ਹਿੱਸਾ ਬਣਾਇਆ ਗਿਆ ਹੈ। ਚਾਰਜਸ਼ੀਟ ’ਚ ਕਈ ਅਹਿਮ ਸਬੂਤ ਸ਼ਾਮਲ ਅਦਾਲਤ ਵਿੱਚ ਦਾਖਲ ਕੀਤੀ ਗਈ ਚਾਰਜਸ਼ੀਟ ਵਿੱਚ ਚਾਕੂ, ਖੂਨ ਨਾਲ ਸਨੇ ਕੱਪੜੇ, CCTV ਫੁਟੇਜ ਅਤੇ ਬੈਂਕ ਖਾਤਿਆਂ ਨਾਲ ਸਬੰਧਤ ਜਾਣਕਾਰੀ ਸਮੇਤ ਕਈ ਅਹਿਮ ਸਬੂਤ ਸ਼ਾਮਲ ਕੀਤੇ ਗਏ ਹਨ। ਹੁਣ ਮਾਮਲੇ ਵਿੱਚ ਅਦਾਲਤੀ ਕਾਰਵਾਈ ਅੱਗੇ ਵਧੇਗੀ। ਕੇਸ ਦੀ ਸੁਣਵਾਈ ਦੌਰਾਨ ਪੇਸ਼ ਕੀਤੇ ਗਏ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Posted By: Daily Suraj Bureau

Latest News