ਇਰਾਨ ਵਿੱਚ ਪਾਬੰਦੀਆਂ ’ਚ ਰਾਹਤ, ਵਿਦੇਸ਼ਾਂ ’ਚ ਫੋਨ ਕਰਨ ਦੀ ਇਜਾਜ਼ਤ

ਇਰਾਨ ਵਿੱਚ ਪਾਬੰਦੀਆਂ ’ਚ ਰਾਹਤ, ਵਿਦੇਸ਼ਾਂ ’ਚ ਫੋਨ ਕਰਨ ਦੀ ਇਜਾਜ਼ਤ

ਇਰਾਨ ਨੇ ਮਹਿੰਗਾਈ ਅਤੇ ਮੁਦਰਾ ਦੇ ਮੁੱਲ ਵਿੱਚ ਗਿਰਾਵਟ ਨੂੰ ਲੈ ਕੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਅੱਜ ਪਹਿਲੀ ਵਾਰ ਲੋਕਾਂ ਨੂੰ ਆਪਣੇ ਮੋਬਾਈਲ ਫੋਨਾਂ ਰਾਹੀਂ ਦੇਸ਼ ਤੋਂ ਬਾਹਰ ਰਹਿੰਦੇ ਆਪਣੇ ਸਕੇ ਸਬੰਧੀਆਂ ਨੂੰ ਫੋਨ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਹਾਲਾਂਕਿ ਇੰਟਰਨੈੱਟ ਜਾਂ ਟੈਕਸਟ (ਮੈਸੇਜਿੰਗ) ਸੇਵਾਵਾਂ ’ਤੇ ਲੱਗੀਆਂ ਪਾਬੰਦੀਆਂ ਅਜੇ ਵੀ ਜਾਰੀ ਹਨ। ਉਂਝ ਪਿਛਲੇ ਕਈ ਦਿਨਾਂ ਤੋਂ ਜਾਰੀ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਵਿਚ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 646 ਹੋ ਗਈ ਹੈ। ਤਹਿਰਾਨ ਵਿਚ ਰਹਿੰਦੇ ਲੋਕਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਹ ਵਿਦੇਸ਼ ਵਿਚ ਤਾਂ ਫੋਨ ਕਾਲ ਕਰ ਸਕਦੇ ਸੀ, ਪਰ ਦੇਸ਼ ਤੋਂ ਬਾਹਰ ਬੈਠੇ ਲੋਕ ਉਨ੍ਹਾਂ ਨੂੰ ਫੋਨ ਕਾਲ ਨਹੀਂ ਕਰ ਸਕਦੇ ਸਨ। ਕੁਝ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਐੱਸਐੱਮਐੱਸ ਟੈਕਸਟ ਮੈਸੇਜਿੰਗ ਸੇਵਾ ਅਜੇ ਵੀ ਬੰਦ ਹੈ ਅਤੇ ਇਰਾਨ ਦੇ ਅੰਦਰ ਇੰਟਰਨੈਟ ਉਪਭੋਗਤਾ ਬਾਹਰੀ ਦੁਨੀਆ ਨਾਲੋਂ ਕੱਟੇ ਗਏ ਹਨ, ਹਾਲਾਂਕਿ ਸਰਕਾਰ ਦੁਆਰਾ ਪ੍ਰਵਾਨਿਤ ਵੈੱਬਸਾਈਟਾਂ ਨਾਲ ਉਨ੍ਹਾਂ ਦਾ ਸੰਪਰਕ ਸੀ। ਉਂਝ ਇਹ ਸਪੱਸ਼ਟ ਨਹੀਂ ਸੀ ਕਿ ਅਧਿਕਾਰੀਆਂ ਵੱਲੋਂ ਵੀਰਵਾਰ ਦੇਰ ਰਾਤ ਦੇਸ਼ ਦੇ ਅੰਦਰ ਅਤੇ ਬਾਹਰੀ ਦੁਨੀਆ ਨਾਲ ਸਾਰੇ ਸੰਚਾਰ ਸੰਪਰਕ ਕੱਟਣ ਤੋਂ ਬਾਅਦ ਪਾਬੰਦੀਆਂ ਹੋਰ ਘੱਟ ਹੋਣਗੀਆਂ ਜਾਂ ਨਹੀਂ।