ਵਿਧਾਇਕ ਕਾਲਾ ਢਿੱਲੋਂ ਨੇ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਖੜਗੇ ਨਾਲ ਦਿੱਲੀ ਵਿਖੇ ਕੀਤੀ ਮੁਲਾਕਾਤ

ਵਿਧਾਇਕ ਕਾਲਾ ਢਿੱਲੋਂ ਨੇ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਖੜਗੇ ਨਾਲ ਦਿੱਲੀ ਵਿਖੇ ਕੀਤੀ ਮੁਲਾਕਾਤ

2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੋਈ ਵਿਸ਼ੇਸ਼ ਚਰਚਾ (ਬਲਜਿੰਦਰ ਸਿੰਘ ਚੋਹਾਨ )- -ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜੇ ਵਿੱਚ ਉਲਟਫੇਰ ਕਰਕੇ ਪੰਜਾਬ ਦੀ ਰਾਜਨੀਤੀ ਦਾ ਚਰਚਿਤ ਚਿਹਰਾ ਬਣਨ ਵਾਲੇ ਬਰਨਾਲਾ ਤੋਂ ਵਿਧਾਇਕ ਅਤੇ ਬਰਨਾਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਦਿੱਲੀ ਵਿਖੇ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਮਲਿਕੁਰਜਨ ਖੜਗੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।‌ ਵਿਧਾਇਕ ਢਿੱਲੋਂ ਦੀ ਇਹ ਮੁਲਾਕਾਤ ਸ੍ਰੀ ਖੜਗੇ ਦੀ ਰਿਹਾਇਸ਼ ਵਿਖੇ ਹੋਈ। ‌ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਢਿੱਲੋਂ ਨੇ ਦੱਸਿਆ ਕਿ ਦਿੱਲੀ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਪਾਰਟੀ ਪ੍ਰਧਾਨ ਸ੍ਰੀ ਖੜਗੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ਦੀ ਰਾਜਨੀਤੀ ਸਬੰਧੀ ਵਿਸਥਾਰਿਤ ਚਰਚਾ ਹੋਈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਉਹਨਾਂ ਦੀ ਮੁਲਾਕਾਤ ਦੌਰਾਨ ਸ੍ਰੀ ਖੜਗੇ ਨੇ ਮਨਰੇਗਾ ਦਾ ਨਾਮ ਬਦਲਣ ਤੋਂ ਬਾਅਦ ਪੰਜਾਬ 'ਚ ਮਨਰੇਗਾ ਮਜ਼ਦੂਰਾਂ ਦੀਆਂ ਚਿੰਤਾਵਾਂ 'ਤੇ ਧਿਆਨ ਕੇਂਦਰਿਤ ਕਰਨ ਅਤੇ ਪੰਜਾਬ ਦੀ ਆਪ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਸਬੰਧੀ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ। ਵਿਧਾਇਕ ਢਿੱਲੋਂ ਨੇ ਕਿਹਾ ਕਿ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਖੜਗੇ ਇਹਨਾਂ ਹਾਲਾਤਾਂ ਤੋਂ ਬਾਖ਼ੂਬੀ ਜਾਣੂ ਹਨ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਦੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੀ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਰੋਡ ਮੈਪ ਤਿਆਰ ਕੀਤਾ ਹੈ ਅਤੇ ਸ਼੍ਰੀ ਖੜਗੇ ਇਸੇ ਰੋਡ ਮੈਪ ਦੇ ਆਧਾਰ 'ਤੇ ਆਉਣ ਵਾਲੇ ਦਿਨਾਂ 'ਚ ਪੰਜਾਬ ਕਾਂਗਰਸ ਕਮੇਟੀ ਨੂੰ ਚੁਸਤ ਦਰੁਸਤ ਕਰਨ ਲਈ ਲਗਾਤਾਰ ਮੀਟਿੰਗਾਂ ਵੀ ਕਰਨਗੇ। ਪਾਰਟੀ ਦੇ ਕੌਮੀ ਪ੍ਰਧਾਨ ਨਾਲ ਆਪਣੀ ਮੁਲਾਕਾਤ ਦੇ ਤੱਥਾਂ ਦੇ ਆਧਾਰ 'ਤੇ ਵਿਧਾਇਕ ਢਿੱਲੋਂ ਨੇ ਦਾਅਵਾ ਕੀਤਾ ਕਿ ਪਾਰਟੀ ਹਾਈਕਮਾਂਡ ਪੰਜਾਬ 'ਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਸੰਜੀਦਾ ਹੈ ਅਤੇ ਆਉਣ ਵਾਲੇ ਦਿਨਾਂ 'ਚ ਪਾਰਟੀ ਹਾਈ ਕਮਾਂਡ ਵੱਲੋਂ ਘੜੀ ਰਣਨੀਤੀ ਤਹਿਤ ਪੰਜਾਬ 'ਚ ਕੰਮ ਕੀਤਾ ਜਾਵੇਗਾ।