ਪੰਜਾਬ ਨੂੰ ਨਸ਼ੇ, ਗੈਂਗਸਟਰ ਤੇ ਜ਼ਬਰੀ ਵਸੂਲੀ ਤੋਂ ਮੁਕਤੀ ਦਵਾਉਣ ਲਈ ਮਾਨ ਸਰਕਾਰ ਵਚਨਬੱਧ : ਮੰਤਰੀ ਕੁਲਦੀਪ ਧਾਲੀਵਾਲ

ਪੰਜਾਬ ਨੂੰ ਨਸ਼ੇ, ਗੈਂਗਸਟਰ ਤੇ ਜ਼ਬਰੀ ਵਸੂਲੀ ਤੋਂ ਮੁਕਤੀ ਦਵਾਉਣ ਲਈ ਮਾਨ ਸਰਕਾਰ ਵਚਨਬੱਧ : ਮੰਤਰੀ ਕੁਲਦੀਪ ਧਾਲੀਵਾਲ

ਚੰਡੀਗੜ੍ਹ : ਪੰਜਾਬ ਵਿਚ ਨਸ਼ਿਆਂ ਨੂੰ ਰੋਕਣ ਲਈ ਪੱਬਾਂ ਭਾਰ ਸੂਬਾ ਸਰਕਾਰ ਵੱਲੋਂ ਯਤਨ ਕਾਫੀ ਤੇਜ਼ ਕੀਤੇ ਹੋਏ ਹਨ। ਇਸੇ ਸਿਲਸਿਲੇ ਵਿਚ ਸ਼ਨੀਵਾਰ ਨੂੰ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਅਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਸੁਲਤਾਨਪੁਰ ਲੋਧੀ ਕਪੂਰਥਲਾ ਰੋਡ ਸਥਿਤ ਇਕ ਪੈਲੇਸ ਵਿਚ ‘‘ਯੁੱਧ ਨਸ਼ਿਆਂ ਵਿਰੁੱਧ’’ ਤਹਿਤ ਵਿਲੇਜ ਡਿਫੈਂਸ ਕਮੇਟੀਆਂ ਨਾਲ ਮੀਟਿੰਗ ਕੀਤੀ ਗਈ। 

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਅਤੇ ਗੁਰਸਿਮਰਨ ਸਿੰਘ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਹਾਜ਼ਰੀਨ ਸਮੂਹ ਪਿੰਡ ਰੱਖਿਆ ਕਮੇਟੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਸਾਡੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਪਿੰਡਾਂ ਨੂੰ ਨਸ਼ਾ ਮੁਕਤ ਕਰਨਾ ਹੋਵੇਗਾ। ਨਸ਼ੇ ਖਿਲਾਫ਼ ਵਿੱਢੀ ਯੁੱਧ ਨਸ਼ਿਆਂ ਵਿਰੁੱਧ ਜੰਗ ਵਿੱਚ ਸਾਡੀਆਂ ਪਿੰਡ ਰੱਖਿਆ ਕਮੇਟੀਆਂ ਸਭ ਤੋਂ ਵੱਡੀ ਤਾਕਤ ਹਨ ਅਤੇ ਨਸ਼ੇ ਖਿਲਾਫ਼ ਹਰ ਪਿੰਡ ਦੀ ਪਹਿਲੀ ਕੰਧ ਉਸਦੇ ਵੀਡੀਸੀ ਮੈਂਬਰ ਹਨ। ਉਨ੍ਹਾਂ ਨੇ ‘‘ਯੁੱਧ ਨਸ਼ਿਆਂ ਵਿਰੁੱਧ’’ ਤਹਿਤ ਵਿਲੇਜ ਡਿਫੈਂਸ ਕਮੇਟੀਆਂ ਨੂੰ ਸਹੁੰ ਚੁਕਾਈ। 

 ਉਨ੍ਹਾਂ ਕਿਹਾ ਕਿ ਸੂਬੇ ਵਿੱਚ ਲੱਗੀ ਇਸ ਨਸ਼ੇ ਦੀ ਅੱਗ ਨੂੰ ਪਿਛਲੀਆਂ ਸਰਕਾਰਾਂ ਨੇ ਫੈਲਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਨਾ ਸਿਰਫ਼ ਇਸ ਮੁੱਦੇ ’ਤੇ ਅੱਖਾਂ ਬੰਦ ਰੱਖੀਆਂ, ਸਗੋਂ ਨਸ਼ਾ ਤਸਕਰਾਂ ਨੂੰ ਸਿਆਸੀ ਸੁਰੱਖਿਆ ਵੀ ਦਿੱਤੀ।

ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪਿਛਲੇ ਤਿੰਨ ਸਾਲ ਤੋਂ ਸਾਡੀ ਸਰਕਾਰ ਪਿਛਲੀਆਂ ਸਰਕਾਰਾਂ ਦੀ ਗੰਦਗੀ ਸਾਫ਼ ਕਰ ਰਹੀ ਸੀ। ਉਨ੍ਹਾਂ ਵੀ.ਡੀ.ਸੀ. ਮੈਂਬਰਾਂ ਨੂੰ 7 ਮਈ ਤੋਂ ਹਰ ਬਲਾਕ ਵਿੱਚ 3 ਪਿੰਡ ਪ੍ਰਤੀ ਦਿਨ ਸ਼ੁਰੂ ਹੋਣ ਵਾਲੀ ਨਸ਼ਾ ਮੁਕਤੀ ਯਾਤਰਾ ਸਭਾ ਪੂਰੀ ਜ਼ਿੰਮੇਵਾਰੀ ਲੈ ਕੇ ਕਰਵਾਉਣ ਲਈ ਆਖਿਆ।

ਉਨ੍ਹਾਂ ਆਖਿਆ ਕਿ ਪਹਿਲਾਂ ਨਸ਼ਾ ਤਸਕਰਾਂ ਦੇ ਫ਼ਾਰਮ ਹਾਉਸ ਬਣਦੇ ਸਨ, ਹੁਣ ਉਨ੍ਹਾਂ ਦੇ ਘਰਾਂ ’ਤੇ ਬੁਲਡੋਜ਼ਰ ਚੱਲ ਰਹੇ ਹਨ। ਪੰਜਾਬ ਸਰਕਾਰ ਵੱਲੋਂ ਵਿੱਢੀ ਇਸ ਨਸ਼ਿਆਂ ਖਿਲਾਫ਼ ਮੁਹਿੰਮ ਵਿੱਚ ਸਾਡੀ ਪੁਲਿਸ ਇਕੱਲੀ ਹੀ ਇਹ ਲੜਾਈ ਨਹੀਂ ਜਿੱਤ ਸੱਕਦੀ। ਉਨ੍ਹਾਂ ਕਿਹਾ ਕਿ ਅਸਲ ਸਿਪਾਹੀ ਤੁਸੀਂ ਹੋ ਜੋ ਆਪਣੇ ਪਿੰਡ ਦੀਆਂ ਗਲੀਆਂ ਨੂੰ, ਆਪਣੇ ਬੱਚਿਆਂ ਨੂੰ, ਇਸ ਜ਼ਹਿਰ ਤੋਂ ਬਚਾ ਸਕਦੇ ਹੋ। ਪਿੰਡ ਰੱਖਿਆ ਕਮੇਟੀਆਂ ਨਸ਼ਿਆਂ ਵਿਰੁੱਧ ਇਸ ਲੜਾਈ ਦੀ ਪਹਿਲੀ ਕਤਾਰ ਦੇ ਯੋਧੇ ਹਨ। ਉਨ੍ਹਾਂ ਕਿਹਾ ਕਿ ਵੀ.ਡੀ.ਸੀ. ਦੇ ਮੈਂਬਰ ਨਾ ਸਿਰਫ਼ ਸਵੈ-ਇੱਛੁਕ ਸੇਵਕ , ਬਲਕਿ ਆਪਣੇ ਪਿੰਡ ਦੇ ਭਵਿੱਖ ਦੇ ਰਾਖੇ ਵੀ ਹਨ। ਉਨ੍ਹਾਂ ਵੀ.ਡੀ.ਸੀ. ਮੈਂਬਰਾਂ ਨੂੰ ਕਿਹਾ ਕਿ ਪਿੰਡ ਦੇ ਨਿਗਰਾਨ ਬਣ ਕੇ ਯਕੀਨੀ ਬਣਾਓ ਕਿ ਕੋਈ ਨਸ਼ਾ ਤਸਕਰ ਤੁਹਾਡੇ ਪਿੰਡ ਵਿੱਚ ਕੰਮ ਨਾ ਕਰੇ।

ਉਹਨਾਂ ਕਿਹਾ ਕਿ ਇਨ੍ਹਾਂ ਯਾਤਰਾਵਾਂ ਦੌਰਾਨ ਨਸ਼ਾ ਛੱਡ ਚੁੱਕੇ ਨੌਜਵਾਨਾਂ ਹੌਸਲਾ ਅਫ਼ਜਾਈ ਕੀਤੀ ਜਾਵੇਗੀ ਅਤੇ ਦੂਸਰੇ ਪੀੜਤ ਨੌਜਵਾਨਾਂ ਨੂੰ ਵੀ ਨਸ਼ਾ ਛੱਡਣ ਦੇ ਲਈ ਪ੍ਰੇਰਿਤ ਕੀਤਾ ਜਾਵੇਗਾ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਮੰਤਰੀ ਧਾਲੀਵਾਲ ਨੇ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਪੰਜਾਬ ਵਿੱਚੋਂ ਨਸ਼ਾ ਗੈਂਗਸਟਰ ਵਾਦ ਅਤੇ ਫਰੌਤੀ ਮੰਗਣ ਵਾਲਿਆਂ ਦੀ ਜੜ ਪੁੱਟਣ ਲਈ ਵਚਨਬੱਧ ਹੈ ਅਜਿਹੇ ਅੰਸਰਾਂ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਇਹਨਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ।

ਇਸ ਤੋਂ ਇਲਾਵਾ ਪੰਜਾਬ ਦੇ ਪਾਣੀਆਂ ਦੇ ਮੁੱਦੇ ’ਤੇ ਬੋਲਦਿਆਂ ਮੰਤਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦਿੱਤੀ ਜਾਏਗੀ ਇਸ ਦੇ ਲਈ ਚਾਹੇ ਸਾਨੂੰ ਜੇਲ ਭਰੋ ਅੰਦੋਲਨ ਕਿਉਂ ਨਾ ਕਰਨਾ ਪੈ ਜਾਵੇ। 

#KuldeepDhaliwal #PunjabGovernment #AntiDrugCampaign #GangsterFreePunjab #LawAndOrder #BhagwantMannGovt #PunjabNews #DrugFreePunjab