19 ਸਾਲਾਂ ਬਾਅਦ ਕੋਲਕਾਤਾ ਪਰਤੀ ਤਸਲੀਮਾ ਨਸਰੀਨ, ਕੜੀ ਸੁਰੱਖਿਆ ਹੇਠ ਹੋਈ ਆਮਦ
- ਦੇਸ਼
- (Asia/Kolkata)
ਨਿਰਵਾਸਿਤ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਕਰੀਬ 19 ਸਾਲਾਂ ਬਾਅਦ ਸ਼ੁੱਕਰਵਾਰ ਨੂੰ ਕੋਲਕਾਤਾ ਪਹੁੰਚ ਗਈ। ਸਾਲ 2007 ਵਿੱਚ ਉਨ੍ਹਾਂ ਦੀਆਂ ਲਿਖਤਾਂ ਦੇ ਵਿਰੋਧ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਸ਼ਹਿਰ ਛੱਡਣ ਲਈ ਮਜਬੂਰ ਹੋਣ ਮਗਰੋਂ ਇਹ ਉਨ੍ਹਾਂ ਦੀ ਪਹਿਲੀ ਕੋਲਕਾਤਾ ਫੇਰੀ ਹੈ। ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਤਸਲੀਮਾ ਨਸਰੀਨ ਕੜੀ ਸੁਰੱਖਿਆ ਦੇ ਦਰਮਿਆਨ ਪਹੁੰਚੀ। ਉਹ ‘ਹਿਊਮਨ ਰਾਈਟਸ ਬਿਯੋਂਡ ਫਰੰਟੀਅਰਜ਼’ ਅਤੇ ਹੋਰ ਸੰਸਥਾਵਾਂ ਵੱਲੋਂ ਆਯੋਜਿਤ ਇੱਕ ਜਨਤਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੀਆਂ। ‘ਲੱਜਾ’ ਨਾਵਲ ਤੋਂ ਬਾਅਦ ਬਣੀਆਂ ਵਿਵਾਦਾਂ ਦਾ ਕੇਂਦਰ ਸਾਲ 1962 ਵਿੱਚ ਬੰਗਲਾਦੇਸ਼ ਦੇ ਮੈਮਨਸਿੰਘ ਵਿੱਚ ਜਨਮੀ ਤਸਲੀਮਾ ਨਸਰੀਨ ਨੇ ਡਾਕਟਰ ਤੋਂ ਲੇਖਿਕਾ ਬਣਨ ਤੱਕ ਦੇ ਸਫ਼ਰ ਦੌਰਾਨ ਔਰਤਾਂ ਦੇ ਅਧਿਕਾਰਾਂ, ਧਰਮ ਨਿਰਪੱਖਤਾ ਅਤੇ ਧਾਰਮਿਕ ਕੱਟੜਪੰਥ ਦੀ ਆਲੋਚਨਾ ਨੂੰ ਆਪਣੀਆਂ ਲਿਖਤਾਂ ਦਾ ਮੁੱਖ ਵਿਸ਼ਾ ਬਣਾਇਆ। ਉਨ੍ਹਾਂ ਦਾ 1993 ਵਿੱਚ ਪ੍ਰਕਾਸ਼ਿਤ ਨਾਵਲ ‘ਲੱਜਾ’ ਅੰਤਰਰਾਸ਼ਟਰੀ ਪੱਧਰ 'ਤੇ ਚਰਚਾ ਦਾ ਵਿਸ਼ਾ ਬਣਿਆ। ਇਸ ਨਾਵਲ ਵਿੱਚ ਬਾਬਰੀ ਮਸਜਿਦ ਢਹਿਣ ਤੋਂ ਬਾਅਦ ਬੰਗਲਾਦੇਸ਼ ਵਿੱਚ ਹਿੰਦੂ ਭਾਈਚਾਰੇ 'ਤੇ ਹੋਏ ਅੱਤਿਆਚਾਰਾਂ ਦਾ ਜ਼ਿਕਰ ਕੀਤਾ ਗਿਆ ਸੀ। ਇਸ ਕਿਤਾਬ 'ਤੇ ਬੰਗਲਾਦੇਸ਼ ਵਿੱਚ ਪਾਬੰਦੀ ਲਗਾ ਦਿੱਤੀ ਗਈ ਅਤੇ ਕੱਟੜਪੰਥੀ ਸੰਗਠਨਾਂ ਵੱਲੋਂ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਬਾਅਦ 1994 ਵਿੱਚ ਉਨ੍ਹਾਂ ਨੂੰ ਦੇਸ਼ ਛੱਡਣਾ ਪਿਆ। ਕੋਲਕਾਤਾ ਨਾਲ ਰਿਹਾ ਖ਼ਾਸ ਨਾਤਾ ਤਸਲੀਮਾ ਨਸਰੀਨ 2004 ਵਿੱਚ ਭਾਰਤ ਸਰਕਾਰ ਤੋਂ ਰਿਹਾਇਸ਼ੀ ਪਰਮਿਟ ਮਿਲਣ ਮਗਰੋਂ ਕੋਲਕਾਤਾ ਆਈਆਂ ਸਨ। ਬੰਗਾਲੀ ਭਾਸ਼ਾ ਅਤੇ ਸੱਭਿਆਚਾਰ ਨਾਲ ਡੂੰਘੇ ਲਗਾਅ ਕਾਰਨ ਉਹ ਕੋਲਕਾਤਾ ਨੂੰ ਆਪਣਾ "ਦੂਜਾ ਘਰ" ਦੱਸਦੀਆਂ ਰਹੀਆਂ ਹਨ। ਹਾਲਾਂਕਿ, ਉਨ੍ਹਾਂ ਦੀ ਸਵੈ-ਜੀਵਨੀ ‘ਦਵਿਖੰਡਿਤੋ’ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਨਵੰਬਰ 2007 ਵਿੱਚ ਕੋਲਕਾਤਾ ਵਿੱਚ ਹਿੰਸਕ ਝੜਪਾਂ ਹੋਈਆਂ। ਉਸ ਸਮੇਂ ਦੀ ਲੈਫਟ ਫਰੰਟ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਸ਼ਹਿਰ ਛੱਡਣ ਲਈ ਕਿਹਾ ਸੀ। ਵਾਪਸੀ 'ਤੇ ਸਿਆਸੀ ਪ੍ਰਤੀਕਿਰਿਆਵਾਂ ਤਸਲੀਮਾ ਨਸਰੀਨ ਦਾ ਕਹਿਣਾ ਰਿਹਾ ਹੈ ਕਿ ਭਾਵੇਂ ਪੱਛਮੀ ਬੰਗਾਲ ਸਰਕਾਰ ਵੱਲੋਂ ਉਨ੍ਹਾਂ 'ਤੇ ਕੋਈ ਕਾਨੂੰਨੀ ਪਾਬੰਦੀ ਨਹੀਂ ਲਗਾਈ ਗਈ ਸੀ, ਪਰ ਉਨ੍ਹਾਂ ਨੂੰ ਵਾਪਸ ਆਉਣ ਜਾਂ ਸਾਹਿਤਕ ਸਮਾਗਮਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਦੀ ਵਾਪਸੀ 'ਤੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਵਿਧਾਇਕ ਸੌਰਵ ਸਿਕਦਾਰ ਅਤੇ ਪਾਰਟੀ ਆਗੂ ਕੇਆ ਘੋਸ਼ ਨੇ ਕਿਹਾ ਕਿ ਤਸਲੀਮਾ ਨਸਰੀਨ ਭਾਰਤ ਸਰਕਾਰ ਦੀ ਮਨਜ਼ੂਰੀ ਨਾਲ ਕਾਨੂੰਨੀ ਤੌਰ 'ਤੇ ਭਾਰਤ ਵਿੱਚ ਰਹਿ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਹਿਲੀਆਂ ਸਰਕਾਰਾਂ ਨੇ ਤੁਸ਼ਟੀਕਰਨ ਦੀ ਰਾਜਨੀਤੀ ਕਾਰਨ ਉਨ੍ਹਾਂ ਨੂੰ ਪੱਛਮੀ ਬੰਗਾਲ ਨਹੀਂ ਆਉਣ ਦਿੱਤਾ, ਜਦਕਿ ਭਾਜਪਾ ਵਿਚਾਰਾਂ ਦੀ ਆਜ਼ਾਦੀ ਦਾ ਸਮਰਥਨ ਕਰਦੀ ਹੈ। ਤਸਲੀਮਾ ਨਸਰੀਨ ਨੂੰ 1992 ਅਤੇ 2000 ਵਿੱਚ ਆਨੰਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਉਹ ਦੱਖਣੀ ਏਸ਼ੀਆ ਦੀਆਂ ਸਭ ਤੋਂ ਚਰਚਿਤ ਲੇਖਿਕਾਵਾਂ ਵਿੱਚੋਂ ਇੱਕ ਮੰਨੀ ਜਾਂਦੀਆਂ ਹਨ।
Leave a Reply