ਸੁਲਤਾਨਪੁਰ ਲੋਧੀ ’ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ; ਮਹਿਲਾ ਗੰਭੀਰ ਜ਼ਖ਼ਮੀ

ਸੁਲਤਾਨਪੁਰ ਲੋਧੀ ’ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ; ਮਹਿਲਾ ਗੰਭੀਰ ਜ਼ਖ਼ਮੀ

ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਮਾਰਗ ’ਤੇ ਪਿੰਡ ਸਵਾਲ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇੱਕ ਮਹਿਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਇਸ ਹਾਦਸੇ ਨੇ ਦੋ ਪਰਿਵਾਰਾਂ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ। ਬੇਕਾਬੂ ਹੋਈ XUV, ਦਰੱਖਤ ਨਾਲ ਟਕਰਾਉਣ ਤੋਂ ਬਾਅਦ ਸਕੂਲ ਦੀ ਗ੍ਰਿਲ ਤੋੜੀ ਜਾਣਕਾਰੀ ਅਨੁਸਾਰ ਮਹਿੰਦਰਾ XUV500 ਸੁਲਤਾਨਪੁਰ ਲੋਧੀ ਤੋਂ ਤਲਵੰਡੀ ਚੌਧਰੀਆਂ ਵੱਲ ਜਾ ਰਹੀ ਸੀ। ਰਾਤ ਸਮੇਂ ਪਿੰਡ ਸਵਾਲ ਨੇੜੇ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ। ਬੇਕਾਬੂ ਹੋਈ ਕਾਰ ਪਹਿਲਾਂ ਸੜਕ ਕਿਨਾਰੇ ਲੱਗੇ ਇੱਕ ਦਰੱਖਤ ਨਾਲ ਟਕਰਾਈ ਅਤੇ ਇਸ ਤੋਂ ਬਾਅਦ ਇੱਕ ਨਿੱਜੀ ਸਕੂਲ ਦੀ ਲੋਹੇ ਦੀ ਗ੍ਰਿਲ ਤੋੜਦੀ ਹੋਈ ਦੂਜੇ ਦਰੱਖਤ ਨਾਲ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵਾਹਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਇਸ ਦੇ ਪੁਰਜ਼ੇ ਦੂਰ ਤੱਕ ਖਿੱਲਰ ਗਏ। ਦੋ ਨੌਜਵਾਨਾਂ ਦੀ ਮੌਤ ਹਾਦਸੇ ਵਿੱਚ ਲੱਭੀ (17), ਪੁੱਤਰ ਸੋਨੂੰ ਰਾਮ, ਵਾਸੀ ਪਿੰਡ ਤਲਵੰਡੀ ਬੂਟਿਆਂ, ਜ਼ਿਲ੍ਹਾ ਜਲੰਧਰ, ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਦੂਜੇ ਨੌਜਵਾਨ ਰਾਹੁਲ ਗਿੱਲ (23), ਪੁੱਤਰ ਸਤਪਾਲ, ਵਾਸੀ ਪਿੰਡ ਬਿਧੀਪੁਰ, ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਦੋਵਾਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਮਹਿਲਾ ਦੀ ਹਾਲਤ ਗੰਭੀਰ, ਜਲੰਧਰ ਕੀਤਾ ਰੈਫਰ ਹਾਦਸੇ ਵਿੱਚ ਕਾਰ ਸਵਾਰ ਅੰਜਨਾ ਰਾਣੀ (23), ਪਤਨੀ ਰਾਹੁਲ ਗਿੱਲ, ਵਾਸੀ ਪਿੰਡ ਸ਼ੰਕਰ, ਜ਼ਿਲ੍ਹਾ ਜਲੰਧਰ, ਗੰਭੀਰ ਜ਼ਖ਼ਮੀ ਹੋ ਗਈ। ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਇਲਾਜ ਲਈ ਜਲੰਧਰ ਰੈਫਰ ਕਰ ਦਿੱਤਾ ਹੈ। ਪੁਲੀਸ ਨੇ ਜਾਂਚ ਕੀਤੀ ਸ਼ੁਰੂ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਨੁਕਸਾਨੀ ਗਈ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਵਿੱਚ ਤੇਜ਼ ਰਫ਼ਤਾਰ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਪਿੰਡ ਬਿਧੀਪੁਰ ਅਤੇ ਤਲਵੰਡੀ ਬੂਟਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਰਾਹੁਲ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਜਦਕਿ ਲੱਭੀ ਪੜ੍ਹਾਈ ਕਰ ਰਿਹਾ ਸੀ। ਇਸੇ ਤਰ੍ਹਾਂ ਅੰਜਨਾ ਰਾਣੀ ਦੇ ਵਿਆਹ ਨੂੰ ਹਾਲੇ ਇੱਕ ਸਾਲ ਵੀ ਪੂਰਾ ਨਹੀਂ ਹੋਇਆ ਸੀ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਰਗ ’ਤੇ ਪੁਲੀਸ ਗਸ਼ਤ ਵਧਾਈ ਜਾਵੇ ਅਤੇ ਹਾਦਸਿਆਂ ਦੀ ਸੰਭਾਵਨਾ ਵਾਲੀਆਂ ਥਾਵਾਂ ’ਤੇ ਰਿਫਲੈਕਟਰ ਲਗਾਏ ਜਾਣ।