ਬ੍ਰੇਕਿੰਗ ਨਿਊਜ਼: ਰਾਣਾ ਬਲਾਚੌਰੀਆ ਕਤਲ ਕੇਸ ‘ਚ ਦੋ ਸ਼ੂਟਰ ਬੇਨਕਾਬ

ਬ੍ਰੇਕਿੰਗ ਨਿਊਜ਼: ਰਾਣਾ ਬਲਾਚੌਰੀਆ ਕਤਲ ਕੇਸ ‘ਚ ਦੋ ਸ਼ੂਟਰ ਬੇਨਕਾਬ

ਮੁਹਾਲੀ ਪੁਲੀਸ ਨੇ ਸੋਹਾਣਾ ਵਿੱਚ ਹੋਏ ਕਬੱਡੀ ਪ੍ਰਮੋਟਰ ਕੁੰਵਰ ਦਿਗਵਿਜੈ ਸਿੰਘ ਉਰਫ ਰਾਣਾ ਬਲਾਚੌਰੀਆ (30) ਦੀ ਹੱਤਿਆ ਮਾਮਲੇ ਵਿੱਚ ਦੋ ਸ਼ੂਟਰਾਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਹੈ। ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਆਦਿਤਿਆ ਕਪੂਰ ਉਰਫ਼ ਮੱਖਣ ਅਤੇ ਕਰਨ ਪਾਠਕ ਉਰਫ਼ ਡਿਫਾਲਟਰ ਕਰਨ ਵਜੋਂ ਹੋਈ ਹੈ। ਇਹ ਦੋਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਆਦਿਤਿਆ ’ਤੇ ਪਹਿਲਾਂ 13 ਅਤੇ ਕਰਨ ’ਤੇ 2 ਕੇਸ ਦਰਜ ਹਨ। ਪੁਲੀਸ ਨੇ ਇਨ੍ਹਾਂ ਨੂੰ ਕਾਬੂ ਕਰਨ ਲਈ 12 ਟੀਮਾਂ ਦਾ ਗਠਨ ਕੀਤਾ ਹੈ ਅਤੇ ਦਿੱਲੀ ਤੇ ਅੰਮ੍ਰਿਤਸਰ ਵਿੱਚ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਤੀਜੇ ਮੁਲਜ਼ਮ ਦੀ ਪਛਾਣ ਫ਼ਿਲਹਾਲ ਦੱਸੀ ਨਹੀਂ ਜਾ ਰਹੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਸ਼ੂਟਰ ਡੋਨੀ ਬੱਲ ਅਤੇ ਲੱਕੀ ਪਟਿਆਲ ਗੈਂਗ ਨਾਲ ਸਬੰਧਤ ਹਨ, ਜੋ ਅੱਗੇ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਹੈ। ਐੱਸ ਐੱਸ ਪੀ ਨੇ ਸਪੱਸ਼ਟ ਕੀਤਾ ਕਿ ਹੱਤਿਆ ਦਾ ਮਕਸਦ ਕਬੱਡੀ ਟੂਰਨਾਮੈਂਟਾਂ ’ਤੇ ਗੈਂਗਸਟਰਾਂ ਦਾ ਦਬਦਬਾ ਕਾਇਮ ਕਰਨਾ ਸੀ। ਉਨ੍ਹਾਂ ਕਿਹਾ ਕਿ ਇਸ ਦਾ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਰਾਣਾ ਬਲਾਚੌਰੀਆ ਦਾ ਕੋਈ ਅਪਰਾਧਕ ਰਿਕਾਰਡ ਮਿਲਿਆ ਹੈ। ਪ੍ਰਬੰਧਕੀ ਕਮੇਟੀ ਕੋਲ ਟੂਰਨਾਮੈਂਟ ਕਰਵਾਉਣ ਲਈ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ ਸਨ।
 

ਇਸ ਘਟਨਾ ਵਿੱਚ ਰਾਣਾ ਦਾ ਸਾਥੀ ਜਸਪ੍ਰੀਤ ਸਿੰਘ ਵੀ ਜ਼ਖ਼ਮੀ ਹੋਇਆ ਸੀ, ਜਿਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੁਲੀਸ ਸ਼ੂਟਰਾਂ ਦੇ ਤੀਜੇ ਸਾਥੀ ਅਤੇ ਪਨਾਹ ਦੇਣ ਵਾਲਿਆਂ ਦੀ ਵੀ ਭਾਲ ਕਰ ਰਹੀ ਹੈ।