ਦਿੱਲੀ ਅਸੈਂਬਲੀ ’ਚ Atishi ਵੀਡੀਓ ਮਾਮਲਾ ਗੂੰਜਿਆ, ਡੀਜੀਪੀ ਪੰਜਾਬ ਦਾ ਜਵਾਬ ਪੇਸ਼
- ਦੇਸ਼
- (Asia/Kolkata)
ਕਿਹਾ ਆਪਣਾ ਜਵਾਬ ਅੱਗੇ ਸਮਰੱਥ ਅਥਾਰਿਟੀ ਨੂੰ ਪ੍ਰਵਾਨਗੀ ਲਈ ਭੇਜਿਆ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਲੀ ਵਿਧਾਨ ਸਭਾ ਸਕੱਤਰੇਤ ਵੱਲੋਂ 23 ਜਨਵਰੀ ਨੂੰ ਜਾਰੀ ਪੱਤਰ ਤੋਂ ਬਾਅਦ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਆਪ ਆਗੂ ਆਤਿਸ਼ੀ ਦੇ ਕਥਿਤ ਵੀਡੀਓ ਦੇ ਪ੍ਰਸਾਰਣ ਨੂੰ ਲੈ ਕੇ ਜਲੰਧਰ ਪੁਲੀਸ ਵੱਲੋਂ ਦਰਜ ਐਫਆਈਆਰ ਮਾਮਲੇ ’ਚ ਆਪਣਾ ਲਿਖਤੀ ਜਵਾਬ ਦਾਖ਼ਲ ਕਰ ਦਿੱਤਾ ਹੈ। ਡੀਜੀਪੀ ਨੇ ਵਿਧਾਨ ਸਭਾ ਸਕੱਤਰੇਤ ਨੂੰ ਦੱਸਿਆ ਕਿ ਇਸ ਮਾਮਲੇ ’ਤੇ ਉਨ੍ਹਾਂ ਦਾ ਜਵਾਬ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ (ਏਸੀਐਸ) ਨੂੰ ਪ੍ਰਵਾਨਗੀ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਲੰਧਰ ਦੇ ਪੁਲੀਸ ਕਮਿਸ਼ਨਰ ਤੋਂ ਲਿਖਤੀ ਜਵਾਬ ਪ੍ਰਾਪਤ ਹੋ ਗਿਆ ਹੈ ਅਤੇ ਇਸ ਨੂੰ ਅੱਗੇ ਸਮਰੱਥ ਅਥਾਰਟੀ ਕੋਲ ਭੇਜ ਦਿੱਤਾ ਹੈ। ਜਲੰਧਰ ਦੇ ਪੁਲੀਸ ਕਮਿਸ਼ਨਰ ਨੇ ਡੀਜੀਪੀ ਰਾਹੀਂ ਵੱਖਰੇ ਤੌਰ ’ਤੇ ਭੇਜੇ ਗਏ ਜਵਾਬ ਵਿੱਚ ਕਿਹਾ ਕਿ ਐਫਆਈਆਰ ਸਬੰਧੀ ਇੱਕ ਲਿਖਤੀ ਜਵਾਬ ਜਮ੍ਹਾਂ ਕਰਵਾ ਦਿੱਤਾ ਗਿਆ ਹੈ ਅਤੇ ਲੋੜੀਂਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਇਸ ਨੂੰ ਦਿੱਲੀ ਵਿਧਾਨ ਸਭਾ ਸਕੱਤਰੇਤ ਨੂੰ ਭੇਜ ਦਿੱਤਾ ਜਾਵੇਗਾ। ਚੇਤੇ ਰਹੇ ਕਿ ਵਿਧਾਨ ਸਭਾ ਸਕੱਤਰੇਤ ਨੇ ਇਸ ਮਾਮਲੇ ਵਿੱਚ ਕਈ ਰਿਕਾਰਡ ਮੰਗੇ ਹਨ, ਜਿਸ ਵਿੱਚ ਪੁਲੀਸ ਅਧਿਕਾਰੀਆਂ ਤੋਂ ਮਿਲੀ ਅਰਜ਼ੀ ਅਤੇ ਫੋਰੈਂਸਿਕ ਸਾਇੰਸ ਲੈਬਾਰਟਰੀ (FSL), ਪੰਜਾਬ ਤੋਂ ਫੋਰੈਂਸਿਕ ਰਿਪੋਰਟ ਵੀ ਸ਼ਾਮਲ ਹੈ। 16 ਜਨਵਰੀ ਨੂੰ ਜਾਰੀ ਪੱਤਰ ਅਨੁਸਾਰ ਇਹ ਦਸਤਾਵੇਜ਼ ਸ਼ੁਰੂ ਵਿੱਚ 22 ਜਨਵਰੀ ਤੱਕ ਜਮ੍ਹਾਂ ਕਰਨੇ ਜ਼ਰੂਰੀ ਸਨ। ਹਾਲਾਂਕਿ FSL ਰਿਪੋਰਟ ਅਤੇ ਸਬੰਧਤ ਫੋਰੈਂਸਿਕ ਰਿਕਾਰਡ ਨਿਰਧਾਰਤ ਸਮੇਂ ਅੰਦਰ ਪ੍ਰਾਪਤ ਨਹੀਂ ਹੋਏ, ਇਸ ਲਈ ਇੱਕ ਯਾਦਪੱਤਰ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ 23 ਜਨਵਰੀ ਨੂੰ ਇੱਕ ਹੋਰ ਪੱਤਰ ਰਾਹੀਂ ਜਵਾਬ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 28 ਜਨਵਰੀ ਤੱਕ ਵਧਾ ਦਿੱਤੀ ਗਈ, ਜਿਸ ਵਿੱਚ ਪੂਰੇ ਫੋਰੈਂਸਿਕ ਰਿਕਾਰਡ ਦੀ ਲੋੜ ਨੂੰ ਦੁਹਰਾਇਆ ਗਿਆ। ਸਕੱਤਰੇਤ ਨੇ ਕਿਹਾ ਕਿ ਇਸ ਵਾਧੇ ਦੇ ਬਾਵਜੂਦ ਫੋਰੈਂਸਿਕ ਰਿਪੋਰਟ ਅਜੇ ਵੀ ਪੇਸ਼ ਨਹੀਂ ਕੀਤੀ ਗਈ ਹੈ।
Leave a Reply