ਪ੍ਰਿੰਸ ਐਡਵਰਡ ਆਈਲੈਂਡ ਵਿੱਚ ਇਤਿਹਾਸਕ ਨਿਵੇਸ਼ ਨਾਲ ਮੈਨੂਫੈਕਚਰਿੰਗ ਖੇਤਰ ਨੂੰ ਮਿਲੇਗੀ ਨਵੀਂ ਰਫ਼ਤਾਰ

ਪ੍ਰਿੰਸ ਐਡਵਰਡ ਆਈਲੈਂਡ ਵਿੱਚ ਇਤਿਹਾਸਕ ਨਿਵੇਸ਼ ਨਾਲ ਮੈਨੂਫੈਕਚਰਿੰਗ ਖੇਤਰ ਨੂੰ ਮਿਲੇਗੀ ਨਵੀਂ ਰਫ਼ਤਾਰ

ਫੈਡਰਲ ਸਰਕਾਰ ਨੇ Prince Edward Island ਦੇ ਐਰੋਸਪੇਸ ਖੇਤਰ ਲਈ ਇੱਕ ਇਤਿਹਾਸਕ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਤਹਿਤ ਫੈਡਰਲ ਸਰਕਾਰ ਵੱਲੋਂ MDS Coating Technologies ਨੂੰ 55.7 ਮਿਲੀਅਨ ਡਾਲਰ ਦੀ ਆਰਥਿਕ ਮਦਦ ਦਿੱਤੀ ਜਾਵੇਗੀ, ਜਦਕਿ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਵੀ ਕਰੀਬ 55 ਮਿਲੀਅਨ ਡਾਲਰ ਦਾ ਯੋਗਦਾਨ ਪਾਇਆ ਜਾਵੇਗਾ। ਇਸ ਸਾਂਝੇ ਨਿਵੇਸ਼ ਨਾਲ ਕੰਪਨੀ ਵਿੱਚ ਆਧੁਨਿਕ ਐਡਵਾਂਸ ਮੈਨੂਫੈਕਚਰਿੰਗ ਮਸ਼ੀਨਰੀ ਸਥਾਪਤ ਕੀਤੀ ਜਾਵੇਗੀ। ਨਾਲ ਹੀ ਕੰਪਨੀ ਦੇ ਢਾਂਚੇ ਵਿੱਚ 50 ਹਜ਼ਾਰ ਵਰਗ ਫੁੱਟ ਦਾ ਵਿਸਥਾਰ ਕੀਤਾ ਜਾਵੇਗਾ। ਇਸ ਪ੍ਰੋਜੈਕਟ ਰਾਹੀਂ ਲਗਭਗ 120 ਨਵੀਆਂ ਹੁਨਰਮੰਦ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਉਦਯੋਗ ਮੰਤਰੀ Mélanie Joly ਨੇ ਕਿਹਾ ਕਿ ਇਹ ਕੰਪਨੀ ਆਪਣੀ ਤਕਨਾਲੋਜੀ ਦੇ ਖੇਤਰ ਵਿੱਚ ਦੁਨੀਆ ਦੀਆਂ ਅਗੇਤੀ ਕੰਪਨੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਹੁਣ ਅਮਰੀਕਾ ‘ਤੇ ਨਿਰਭਰਤਾ ਘਟਾ ਕੇ ਦੇਸ਼ ਦੇ ਅੰਦਰ ਹੀ ਮੈਨੂਫੈਕਚਰਿੰਗ ਅਤੇ ਰੱਖਿਆ ਉਦਯੋਗ ਨੂੰ ਹੋਰ ਮਜ਼ਬੂਤ ਬਣਾਉਣਾ ਚਾਹੁੰਦਾ ਹੈ। ਕੰਪਨੀ ਵੱਲੋਂ ਵਿਕਸਤ ਕੀਤੀ ਜਾਣ ਵਾਲੀ ਖਾਸ ਕੋਟਿੰਗ ਤਕਨਾਲੋਜੀ ਜਹਾਜ਼ਾਂ ਦੇ ਇੰਜਣਾਂ ਦੀ ਉਮਰ ਵਧਾਉਣ ਵਿੱਚ ਮਦਦ ਕਰਦੀ ਹੈ। ਇਸ ਨਾਲ ਇੰਧਨ ਦੀ ਬਚਤ ਹੁੰਦੀ ਹੈ ਅਤੇ ਮੁਰੰਮਤ ਦੇ ਖਰਚਿਆਂ ਵਿੱਚ ਵੀ ਕਮੀ ਆਉਂਦੀ ਹੈ। ਇਹ ਤਕਨਾਲੋਜੀ ਵਪਾਰਕ ਅਤੇ ਫੌਜੀ ਦੋਵੇਂ ਕਿਸਮ ਦੇ ਹਵਾਈ ਜਹਾਜ਼ਾਂ ਵਿੱਚ ਵਰਤੀ ਜਾਂਦੀ ਹੈ। ਪ੍ਰੀਮੀਅਰ Rob Lantz ਨੇ ਕਿਹਾ ਕਿ ਇਹ ਪ੍ਰੋਜੈਕਟ ਪ੍ਰੋਵਿੰਸ ਦੇ ਇਤਿਹਾਸ ਦਾ ਸਭ ਤੋਂ ਵੱਡਾ ਨਿੱਜੀ ਨਿਵੇਸ਼ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਪ੍ਰੋਵਿੰਸ ਦੀ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਅਤੇ ਵੱਡਾ ਉਤਸ਼ਾਹ ਮਿਲੇਗਾ।