ਨਗਾਰਿਆਂ ਦੀ ਗੂੰਜ ਨਾਲ ਹੋਲਾ-ਮਹੱਲਾ ਤਿਉਹਾਰ ਦੀ ਸ਼ਾਨਦਾਰ ਸ਼ੁਰੂਆਤ
- ਪੰਜਾਬ
- (Asia/Kolkata)
ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਿੱਖ ਪਰੰਪਰਾਵਾਂ ਦੇ ਜਾਹੋ-ਜਲਾਲ ਦਾ ਪ੍ਰਤੀਕ ਹੋਲਾ-ਮਹੱਲਾ ਤਿਉਹਾਰ ਅੱਜ ਤੋਂ ਰਵਾਇਤੀ ਢੰਗ ਨਾਲ ਸ਼ੁਰੂ ਹੋ ਗਿਆ ਹੈ। ਹੋਲਾ-ਮਹੱਲਾ ਹਰ ਸਾਲ ਦੋ ਪੜਾਵਾਂ ਵਿੱਚ ਛੇ ਦਿਨ ਤੱਕ ਮਨਾਇਆ ਜਾਂਦਾ ਹੈ। ਇਸ ਦਾ ਪਹਿਲਾ ਪੜਾਅ ਸ੍ਰੀ ਕੀਰਤਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ, ਜਦਕਿ ਦੂਜਾ ਪੜਾਅ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ। ਸਿੱਖ ਰੀਤੀ-ਰਿਵਾਜਾਂ ਅਨੁਸਾਰ ਸਮਾਗਮਾਂ ਦੀ ਸ਼ੁਰੂਆਤ ਕਿਲ੍ਹਾ ਆਨੰਦਗੜ੍ਹ ਸਾਹਿਬ ਵਿੱਚ ਸਥਾਪਿਤ ਪੰਜ ਪ੍ਰਾਚੀਨ ਨਗਾਰਿਆਂ ਨੂੰ ਵਜਾ ਕੇ ਕੀਤੀ ਗਈ। ਇਹ ਰਸਮ ਖਾਲਸਾਈ ਪਰੰਪਰਾਵਾਂ ਅਨੁਸਾਰ ਤਿਉਹਾਰ ਦੇ ਆਰੰਭ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਇਸ ਦੇ ਨਾਲ ਹੀ ਪਹਿਲੇ ਪੜਾਅ ਤਹਿਤ ਗੁਰਦੁਆਰਾ ਪਾਤਾਲਪੁਰੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ, ਜਿਸ ਦੇ ਭੋਗ 1 ਮਾਰਚ ਨੂੰ ਪਾਏ ਜਾਣਗੇ। ਇਸ ਤੋਂ ਬਾਅਦ ਦੂਜੇ ਪੜਾਅ ਤਹਿਤ 2 ਮਾਰਚ ਤੋਂ 4 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਮਨਾਇਆ ਜਾਵੇਗਾ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ। ਪੁਰਾਤਨ ਰਵਾਇਤ ਅਨੁਸਾਰ, ਨਗਾਰਿਆਂ ਦੀ ਗੂੰਜ ਅਤੇ ਜੈਕਾਰਿਆਂ ਦੇ ਦਰਮਿਆਨ ਸਮਾਗਮ ਦੀ ਆਰੰਭਤਾ ਗਿਆਨੀ ਕੁਲਦੀਪ ਸਿੰਘ ਗੁੜਗੱਜ ਵੱਲੋਂ ਕੀਤੀ ਗਈ, ਜੋ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਹਨ। ਹੋਲਾ-ਮਹੱਲਾ ਸਿੱਖ ਕੌਮ ਦਾ ਇਕ ਮਹੱਤਵਪੂਰਨ ਤਿਉਹਾਰ ਹੈ, ਜੋ ਧਾਰਮਿਕ ਉਤਸ਼ਾਹ, ਵੀਰਤਾ ਅਤੇ ਇਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
Leave a Reply