PM ਮੋਦੀ ਵਿਦੇਸ਼ ਯਾਤਰਾ ਅਪਡੇਟ: ਆਖਰੀ ਪੜਾਅ ਲਈ ਓਮਾਨ ਪੁੱਜੇਗਾ ਦੌਰਾ
- ਦੇਸ਼
- (Asia/Kolkata)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਚਾਰ ਦਿਨਾਂ ਅਤੇ ਤਿੰਨ ਦੇਸ਼ਾਂ ਦੀ ਯਾਤਰਾ ਦੇ ਆਖਰੀ ਪੜਾਅ 'ਤੇ ਬੁੱਧਵਾਰ ਨੂੰ ਇਥੋਪੀਆ ਤੋਂ ਓਮਾਨ ਲਈ ਰਵਾਨਾ ਹੋ ਗਏ। ਆਪਣੀ ਇਥੋਪੀਆ ਦੀ ਪਹਿਲੀ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਨੇ ਆਪਣੇ ਇਤਿਹਾਸਕ ਸਬੰਧਾਂ ਨੂੰ ਵਧਾ ਕੇ 'ਰਣਨੀਤਕ ਭਾਈਵਾਲੀ' (Strategic Partnership) ਦੇ ਪੱਧਰ ਤੱਕ ਪਹੁੰਚਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਇਥੋਪੀਆਈ ਹਮਰੁਤਬਾ ਅਬੀ ਅਹਿਮਦ ਅਲੀ ਨਾਲ ਵਿਆਪਕ ਗੱਲਬਾਤ ਕੀਤੀ, ਜਿਸ ਤੋਂ ਬਾਅਦ ਦੋਵਾਂ ਨੇਤਾਵਾਂ ਦੀ ਮੌਜੂਦਗੀ ਵਿੱਚ ਵੱਖ-ਵੱਖ ਖੇਤਰਾਂ ਵਿੱਚ ਕਈ ਸਮਝੌਤਿਆਂ (MoUs) 'ਤੇ ਹਸਤਾਖਰ ਕੀਤੇ ਗਏ। ਮੋਦੀ ਨੇ ਇਥੋਪੀਆਈ ਸੰਸਦ ਦੇ ਸਾਂਝੇ ਸੈਸ਼ਨ ਨੂੰ ਵੀ ਸੰਬੋਧਨ ਕੀਤਾ।
ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਇਥੋਪੀਆ ਦੇ ਸਰਵਉੱਚ ਸਨਮਾਨ - 'ਦਿ ਗ੍ਰੇਟ ਆਨਰ ਨਿਸ਼ਾਨ ਆਫ ਇਥੋਪੀਆ' ਨਾਲ ਸਨਮਾਨਿਤ ਕੀਤਾ ਗਿਆ। ਉਹ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਵਿਸ਼ਵ ਨੇਤਾ ਬਣ ਗਏ ਹਨ। ਹੁਣ ਮੋਦੀ ਸੁਲਤਾਨ ਹੈਥਮ ਬਿਨ ਤਾਰਿਕ ਦੇ ਸੱਦੇ 'ਤੇ ਓਮਾਨ ਜਾ ਰਹੇ ਹਨ, ਜਿੱਥੇ ਉਹ ਰਣਨੀਤਕ ਭਾਈਵਾਲੀ ਦੇ ਨਾਲ-ਨਾਲ ਮਜ਼ਬੂਤ ਵਪਾਰਕ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਚਰਚਾ ਕਰਨਗੇ। ਇਹ ਯਾਤਰਾ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 70 ਸਾਲ ਪੂਰੇ ਹੋਣ ਦਾ ਪ੍ਰਤੀਕ ਹੈ।
ਵਿਦੇਸ਼ ਮੰਤਰਾਲੇ ਦੇ ਅਨੁਸਾਰ ਇਹ ਦੌਰਾ ਦੋਵਾਂ ਪੱਖਾਂ ਲਈ ਵਪਾਰ, ਨਿਵੇਸ਼, ਊਰਜਾ, ਰੱਖਿਆ, ਸੁਰੱਖਿਆ, ਤਕਨਾਲੋਜੀ, ਖੇਤੀਬਾੜੀ ਅਤੇ ਸੱਭਿਆਚਾਰ ਸਮੇਤ ਦੁਵੱਲੇ ਸਬੰਧਾਂ ਦੀ ਵਿਆਪਕ ਸਮੀਖਿਆ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਮੋਦੀ ਓਮਾਨ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਇਕੱਠ ਨੂੰ ਵੀ ਸੰਬੋਧਨ ਕਰਨਗੇ। ਇਹ ਸ੍ਰੀ ਮੋਦੀ ਦੀ ਓਮਾਨ ਦੀ ਦੂਜੀ ਯਾਤਰਾ ਹੋਵੇਗੀ, ਜਿੱਥੇ ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ 'ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ।
Leave a Reply