ਚਾਹ ਦੀ ਰੇਹੜੀ ਤੋਂ 100 ਕਰੋੜ ਦੇ ਨਸ਼ਾ ਸਾਮਰਾਜ ਤੱਕ: ਕੌਣ ਹੈ ਅਕਸ਼ੈ ਛਾਬੜਾ?

ਚਾਹ ਦੀ ਰੇਹੜੀ ਤੋਂ 100 ਕਰੋੜ ਦੇ ਨਸ਼ਾ ਸਾਮਰਾਜ ਤੱਕ: ਕੌਣ ਹੈ ਅਕਸ਼ੈ ਛਾਬੜਾ?

ਲੁਧਿਆਣਾ ਦੀ ਅਨਾਜ ਮੰਡੀ ਵਿੱਚ ਚਾਹ ਦੀ ਰੇਹੜੀ ਲਗਾਉਣ ਤੋਂ ਆਪਣਾ ਸਫ਼ਰ ਸ਼ੁਰੂ ਕਰਨ ਵਾਲਾ ਅਤੇ ਬਾਅਦ ਵਿੱਚ ਕਥਿਤ ਤੌਰ ’ਤੇ ਕਰੋੜਾਂ ਰੁਪਏ ਦੇ ਨਸ਼ਾ ਸਾਮਰਾਜ ਨਾਲ ਜੁੜਿਆ ਅਕਸ਼ੈ ਕੁਮਾਰ ਛਾਬੜਾ ਫਿਲਹਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਰਹੇਗਾ। ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਸਪੱਸ਼ਟ ਕੀਤਾ ਹੈ ਕਿ ਉਸ ਖ਼ਿਲਾਫ਼ ਚੱਲ ਰਹੇ ਮਾਮਲਿਆਂ ਦਾ ਅਦਾਲਤੀ ਨਿਪਟਾਰਾ ਹੋਣ ਤੱਕ ਉਸ ਦੀ ਨਜ਼ਰਬੰਦੀ ਜਾਰੀ ਰਹੇਗੀ। ਲੁਧਿਆਣਾ ਦੇ ਨਿਤੇਸ਼ ਵਿਹਾਰ ਦਾ ਰਹਿਣ ਵਾਲਾ ਅਕਸ਼ੈ ਛਾਬੜਾ ਕਥਿਤ ਤੌਰ ’ਤੇ ਇੱਕ ਅੰਤਰਰਾਸ਼ਟਰੀ ਹੈਰੋਇਨ ਸਿੰਡੀਕੇਟ ਚਲਾਉਂਦਾ ਸੀ, ਜਿਸ ਦਾ ਪਰਦਾਫਾਸ਼ ਦੋ ਸਾਲ ਪਹਿਲਾਂ ਐਨਸੀਬੀ ਦੀ ਚੰਡੀਗੜ੍ਹ ਇਕਾਈ ਨੇ ਕੀਤਾ ਸੀ। ਐਨਸੀਬੀ ਦਾ ਇਹ ਰੁਖ ‘ਟਰਾਂਸਫਰ ਆਫ ਪ੍ਰਿਜ਼ਨਰਜ਼ (ਪੰਜਾਬ ਅਮੈਂਡਮੈਂਟ) ਐਕਟ, 2025’ ਦੇ ਲਾਗੂ ਹੋਣ ਮਗਰੋਂ ਸਾਹਮਣੇ ਆਇਆ ਹੈ। ਇਸ ਸੋਧ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ 21 ਅਪ੍ਰੈਲ 2026 ਨੂੰ ਸਰਕਾਰੀ ਗਜ਼ਟ ਵਿੱਚ ਨੋਟੀਫਾਈ ਕੀਤਾ ਗਿਆ ਸੀ। ਕਾਨੂੰਨ ਅਨੁਸਾਰ ਰਾਜ ਦੀ ਸੁਰੱਖਿਆ, ਕਾਨੂੰਨ-ਵਿਵਸਥਾ ਜਾਂ ਜਨਤਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਦੋ ਰਾਜਾਂ ਦੀ ਸਹਿਮਤੀ ਅਤੇ ਸਬੰਧਤ ਅਦਾਲਤ ਦੀ ਮਨਜ਼ੂਰੀ ਨਾਲ ਅੰਡਰ-ਟ੍ਰਾਇਲ ਕੈਦੀਆਂ ਅਤੇ ਨਜ਼ਰਬੰਦਾਂ ਨੂੰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਜੇਲ੍ਹ ਅੰਦਰੋਂ ਵੀ ਚੱਲਦਾ ਰਿਹਾ ਕਥਿਤ ਨੈੱਟਵਰਕ ਸੂਤਰਾਂ ਮੁਤਾਬਕ ਅਕਸ਼ੈ ਛਾਬੜਾ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਰਹਿੰਦਿਆਂ ਵੀ ਕਥਿਤ ਤੌਰ ’ਤੇ ਆਪਣਾ ਨਸ਼ਾ ਨੈੱਟਵਰਕ ਚਲਾਉਂਦਾ ਰਿਹਾ। ਉਸਦੀ ਪਿਛਲੀ ਕੈਦ ਦੌਰਾਨ ਉਸ ਖ਼ਿਲਾਫ਼ ਤਿੰਨ ਹੋਰ ਐਫਆਈਆਰ ਦਰਜ ਹੋਈਆਂ ਸਨ। ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਉਸ ਨੂੰ ਲੁਧਿਆਣਾ ਸੈਂਟਰਲ ਜੇਲ੍ਹ ਤੋਂ ਨਸ਼ਾ ਰੈਕੇਟ ਚਲਾਉਣ ਦੇ ਦੋਸ਼ ਹੇਠ ਨਾਮਜ਼ਦ ਕੀਤਾ ਸੀ ਅਤੇ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਸੀ, ਜਿਸਦੀ ਵਰਤੋਂ ਕਥਿਤ ਤੌਰ ’ਤੇ ਬਾਹਰਲੇ ਸਾਥੀਆਂ ਨਾਲ ਸੰਪਰਕ ਲਈ ਕੀਤੀ ਜਾਂਦੀ ਸੀ। ਐਨਸੀਬੀ ਵੱਲੋਂ ਪੇਸ਼ ਕੀਤੇ ਮੈਮੋਰੰਡਮ ਵਿੱਚ ਕਿਹਾ ਗਿਆ ਹੈ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦੀ ਜਾਰੀ ਰੱਖਣਾ ਇਸ ਲਈ ਜ਼ਰੂਰੀ ਹੈ ਤਾਂ ਜੋ ਉਹ ਆਪਣੇ ਕਥਿਤ ਅਪਰਾਧਿਕ ਨੈੱਟਵਰਕ ਤੋਂ ਪੂਰੀ ਤਰ੍ਹਾਂ ਵੱਖ ਰਹੇ ਅਤੇ ਕਿਸੇ ਵੀ ਤਰ੍ਹਾਂ ਦੀ ਪਹੁੰਚ ਜਾਂ ਪ੍ਰਭਾਵ ਰਾਹੀਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਜਾਰੀ ਨਾ ਰੱਖ ਸਕੇ। 100 ਕਰੋੜ ਤੋਂ ਵੱਧ ਜਾਇਦਾਦ ਅਤੇ ਅਫਗਾਨਿਸਤਾਨ ਨਾਲ ਜੁੜੇ ਦੋਸ਼ ਜਾਂਚ ਏਜੰਸੀਆਂ ਅਨੁਸਾਰ ਅਕਸ਼ੈ ਛਾਬੜਾ ਨੇ ਲਗਭਗ ਤਿੰਨ ਸਾਲਾਂ ਵਿੱਚ 100 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਖੜ੍ਹੀ ਕੀਤੀ। ਦੋਸ਼ ਹੈ ਕਿ ਉਹ ਅਫਗਾਨਿਸਤਾਨ ਤੋਂ ਹੈਰੋਇਨ ਮੰਗਵਾਉਂਦਾ ਸੀ ਅਤੇ ਇਸ ਨੂੰ ਇਰਾਨ ਤੋਂ ਆਯਾਤ ਕੀਤੇ 612 ਟਮਾਟਰ ਚਟਨੀ ਦੇ ਡੱਬਿਆਂ ਅਤੇ 350 ਜੂਸ ਦੀਆਂ ਬੋਤਲਾਂ ਵਿੱਚ ਲੁਕਾ ਕੇ ਭਾਰਤ ਲਿਆਉਂਦਾ ਸੀ। ਉਸ ਨੂੰ ਪਹਿਲੀ ਵਾਰ ਨਵੰਬਰ 2022 ਵਿੱਚ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਸ਼ਾਰਜਾਹ (ਯੂਏਈ) ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਾਨੂੰਨੀ ਕਾਰਵਾਈ ਅਤੇ ਡਿਬਰੂਗੜ੍ਹ ਨਜ਼ਰਬੰਦੀ ‘ਪ੍ਰੀਵੈਨਸ਼ਨ ਆਫ ਇਲਿਸਿਟ ਟ੍ਰੈਫਿਕ ਇਨ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਜ਼ (PITNDPS) ਐਕਟ’ ਤਹਿਤ ਤਿੰਨ ਮੈਂਬਰੀ ਸਲਾਹਕਾਰ ਬੋਰਡ ਪਹਿਲਾਂ ਹੀ ਅਕਸ਼ੈ ਛਾਬੜਾ ਅਤੇ ਉਸਦੇ ਦੋ ਸਾਥੀਆਂ ਜਸਪਾਲ ਸਿੰਘ ਉਰਫ਼ ਗੋਲਡੀ ਅਤੇ ਬਲਵਿੰਦਰ ਸਿੰਘ ਉਰਫ਼ ਬਿੱਲਾ ਹਵੇਲੀਆ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਇੱਕ ਸਾਲ ਲਈ ਨਜ਼ਰਬੰਦ ਕਰਨ ਦੇ ਹੁਕਮ ਜਾਰੀ ਕਰ ਚੁੱਕਾ ਹੈ। ਇਹ ਕਾਰਵਾਈ ਪੰਜਾਬ, ਗੁਜਰਾਤ ਦੇ ਮੁੰਦਰਾ ਬੰਦਰਗਾਹ, ਜੰਮੂ-ਕਸ਼ਮੀਰ ਅਤੇ ਅਫਗਾਨਿਸਤਾਨ ਤੱਕ ਫੈਲੇ 20,400 ਕਿਲੋਗ੍ਰਾਮ ਹੈਰੋਇਨ ਤਸਕਰੀ ਰੈਕੇਟ ਨਾਲ ਜੁੜੇ ਮਾਮਲੇ ਦੇ ਸੰਦਰਭ ਵਿੱਚ ਕੀਤੀ ਗਈ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਗੋਲਡੀ, ਜੋ ਪੇਸ਼ੇ ਤੋਂ ਤਰਖਾਣ ਸੀ, ਕਥਿਤ ਤੌਰ ’ਤੇ ਅਲਮਾਰੀਆਂ ਅਤੇ ਹੋਰ ਫਰਨੀਚਰ ਵਿੱਚ ਗੁਪਤ ਖਾਨੇ ਤਿਆਰ ਕਰਦਾ ਸੀ, ਜਿੱਥੇ ਨਸ਼ੀਲੇ ਪਦਾਰਥ ਲੁਕਾਏ ਜਾਂਦੇ ਸਨ। ਉਹ ਵੀ ਇਸ ਵੇਲੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਵਰਚੁਅਲ ਸੁਣਵਾਈ ਲਈ ਅਦਾਲਤਾਂ ਤੋਂ ਮਨਜ਼ੂਰੀ ਦੀ ਤਿਆਰੀ ਸੂਤਰਾਂ ਅਨੁਸਾਰ ਐਨਸੀਬੀ ਹੁਣ ਸਬੰਧਤ ਅਦਾਲਤਾਂ ਤੋਂ ਲੋੜੀਂਦੀਆਂ ਮਨਜ਼ੂਰੀਆਂ ਪ੍ਰਾਪਤ ਕਰੇਗੀ, ਤਾਂ ਜੋ ਅਕਸ਼ੈ ਛਾਬੜਾ ਆਪਣੇ ਬਕਾਇਆ ਮਾਮਲਿਆਂ ਦੀ ਸੁਣਵਾਈ ਦੌਰਾਨ ਵਰਚੁਅਲ ਤਰੀਕੇ ਨਾਲ ਅਦਾਲਤਾਂ ਸਾਹਮਣੇ ਪੇਸ਼ ਹੋ ਸਕੇ। ਜ਼ਿਕਰਯੋਗ ਹੈ ਕਿ ਅਗਸਤ 2025 ਵਿੱਚ ਐਨਸੀਬੀ ਨੇ PITNDPS ਐਕਟ ਤਹਿਤ ਅਕਸ਼ੈ ਛਾਬੜਾ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਇੱਕ ਸਾਲ ਲਈ ਨਜ਼ਰਬੰਦ ਕੀਤਾ ਸੀ। ਉਸਦੀ ਸੰਪਤੀ ਨੂੰ ਵੀ ਅਟੈਚ ਕੀਤਾ ਜਾ ਚੁੱਕਾ ਹੈ ਅਤੇ ਇਸ ਦੀ ਨਿਲਾਮੀ ਦੀ ਪ੍ਰਕਿਰਿਆ ਚੱਲ ਰਹੀ ਹੈ। ਜਾਂਚ ਏਜੰਸੀਆਂ ਦੇ ਅਨੁਸਾਰ ਛਾਬੜਾ ਅਟਾਰੀ, ਮੁੰਦਰਾ ਬੰਦਰਗਾਹ ਅਤੇ ਜੰਮੂ-ਕਸ਼ਮੀਰ ਰਾਹੀਂ ਲਗਭਗ 1,400 ਕਿਲੋਗ੍ਰਾਮ ਹੈਰੋਇਨ ਦੀ ਤਸਕਰੀ ਨਾਲ ਜੁੜਿਆ ਹੋਇਆ ਸੀ। ਇਸ ਮਾਮਲੇ ਵਿੱਚ ਐਨਸੀਬੀ ਨੇ ਕੁੱਲ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਵਿੱਚ ਦੋ ਅਫਗਾਨ ਨਾਗਰਿਕ ਵੀ ਸ਼ਾਮਲ ਸਨ। ਮਾਮਲੇ ਵਿੱਚ ਵੱਡੀ ਕਾਮਯਾਬੀ ਨਵੰਬਰ 2022 ਵਿੱਚ ਲੁਧਿਆਣਾ ਦੇ ਰਹਿਣ ਵਾਲੇ ਸੰਦੀਪ ਉਰਫ਼ ਦੀਪਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਿਲੀ, ਜਿਸ ਨਾਲ ਅਕਸ਼ੈ ਛਾਬੜਾ ਅਤੇ ਉਸਦੇ ਕਥਿਤ ਨੈੱਟਵਰਕ ਦਾ ਪਰਦਾਫਾਸ਼ ਹੋਇਆ।