ਗਰਮੀਆਂ ਦੀਆਂ ਛੁੱਟੀਆਂ ਕਾਰਨ ਜ਼ਿਲ੍ਹਾ ਅਤੇ ਹੇਠਲੀਆਂ ਅਦਾਲਤਾਂ ਦਾ ਆਮ ਕੰਮਕਾਜ ਰਹੇਗਾ ਬੰਦ
- ਪੰਜਾਬ
- (Asia/Kolkata)
ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸੈਸ਼ਨ ਅਦਾਲਤਾਂ (ਜ਼ਿਲ੍ਹਾ ਅਦਾਲਤਾਂ) ਅਤੇ ਹੇਠਲੀਆਂ ਅਦਾਲਤਾਂ ਦਾ ਰੋਜ਼ਾਨਾ ਆਮ ਕੰਮਕਾਜ 1 ਜੂਨ ਤੋਂ 30 ਜੂਨ ਤੱਕ ਬੰਦ ਰਹੇਗਾ। ਛੁੱਟੀਆਂ ਦੇ ਇਸ ਦੌਰਾਨ ਦੀਵਾਨੀ ਮਾਮਲਿਆਂ ਦੀ ਨਿਯਮਤ ਸੁਣਵਾਈ ਨਹੀਂ ਹੋਵੇਗੀ। ਹਾਲਾਂਕਿ ਫੌਜਦਾਰੀ ਅਦਾਲਤਾਂ ਵਿੱਚ 15 ਜੂਨ ਤੱਕ ਆਮ ਕਾਰਵਾਈ ਜਾਰੀ ਰਹੇਗੀ। ਇਸ ਤੋਂ ਬਾਅਦ 16 ਜੂਨ ਤੋਂ 30 ਜੂਨ ਤੱਕ ਫੌਜਦਾਰੀ ਮਾਮਲਿਆਂ ਦੀ ਨਿਯਮਤ ਸੁਣਵਾਈ ਵੀ ਮੁਲਤਵੀ ਰਹੇਗੀ ਅਤੇ ਜ਼ਰੂਰੀ ਮਾਮਲਿਆਂ ਤੋਂ ਇਲਾਵਾ ਅਦਾਲਤਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਨੇ ਦੱਸਿਆ ਕਿ ਅਦਾਲਤੀ ਛੁੱਟੀਆਂ ਦੌਰਾਨ ਜ਼ਮਾਨਤ ਅਰਜ਼ੀਆਂ, ਸਟੇਅ ਸਬੰਧੀ ਮਾਮਲੇ ਅਤੇ ਹੋਰ ਹੰਗਾਮੀ ਕੇਸਾਂ ਦੀ ਸੁਣਵਾਈ ਯਕੀਨੀ ਬਣਾਉਣ ਲਈ ਵੱਖ-ਵੱਖ ਅਦਾਲਤਾਂ ਦੇ ਜੁਡੀਸ਼ੀਅਲ ਅਧਿਕਾਰੀਆਂ ਦੀ ਡਿਊਟੀ ਰੋਸਟਰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇੱਕ ਵਿਸਤ੍ਰਿਤ ਸੂਚੀ ਵੀ ਜਾਰੀ ਕੀਤੀ ਗਈ ਹੈ। ਸੂਚੀ ਅਨੁਸਾਰ ਨਾਮਜ਼ਦ ਜੱਜ ਨਿਰਧਾਰਤ ਤਰੀਕਾਂ 'ਤੇ ਜ਼ਰੂਰੀ ਮਾਮਲਿਆਂ ਦੀ ਸੁਣਵਾਈ ਕਰਨਗੇ, ਤਾਂ ਜੋ ਅਦਾਲਤੀ ਛੁੱਟੀਆਂ ਦੌਰਾਨ ਮੁਕੱਦਮੇਬਾਜ਼ਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਜ਼ਿਲ੍ਹਾ ਅਟਾਰਨੀ ਦਿਨੇਸ਼ ਕੁਮਾਰ ਵਰਮਾ ਨੇ ਦੱਸਿਆ ਕਿ ਵੈਕੇਸ਼ਨ ਕੋਰਟਾਂ ਵਿੱਚ ਸਰਕਾਰ ਦਾ ਪੱਖ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਲਈ ਪ੍ਰੌਸੀਕਿਊਸ਼ਨ ਵਿਭਾਗ ਵੱਲੋਂ ਸਰਕਾਰੀ ਵਕੀਲਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਸਬੰਧਤ ਜ਼ਰੂਰੀ ਮਾਮਲਿਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਨਿਪਟਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਅਧਿਕਾਰੀਆਂ ਮੁਤਾਬਕ, ਅਦਾਲਤੀ ਛੁੱਟੀਆਂ ਦੌਰਾਨ ਜ਼ਰੂਰੀ ਮਾਮਲਿਆਂ ਦੀ ਸੁਣਵਾਈ ਜਾਰੀ ਰਹੇਗੀ, ਜਦਕਿ ਆਮ ਕਾਰਵਾਈ 30 ਜੂਨ ਤੱਕ ਮੁਲਤਵੀ ਰਹੇਗੀ।
Leave a Reply