ਸਰੀ ਵਿੱਚ ਹੈਰਾਨੀਜਨਕ ਹਾਦਸਾ, ਟ੍ਰੈਫਿਕ ਲਾਈਟਾਂ ਉੱਪਰ ਜਾ ਲਟਕਿਆ ਮੋਟਰਸਾਈਕਲ
- ਵਿਦੇਸ਼
- (Asia/Kolkata)
ਕੈਨੇਡਾ ਦੇ ਸਰੀ ਅਤੇ ਡੈਲਟਾ ਦੀ ਸਰਹੱਦ ਨੇੜੇ ਵੀਕਐਂਡ ਦੌਰਾਨ ਇੱਕ ਹੈਰਾਨ ਕਰ ਦੇਣ ਵਾਲਾ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਮੋਟਰਸਾਈਕਲ ਟ੍ਰੈਫਿਕ ਲਾਈਟਾਂ ਉੱਪਰ ਜਾ ਲਟਕਿਆ। ਇਸ ਘਟਨਾ ਦੀਆਂ ਵੀਡੀਓਜ਼ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਹ ਹਾਦਸਾ ਸਕਾਟ ਰੋਡ ਦੇ 7100 ਬਲਾਕ ਵਿੱਚ 72 ਐਵੇਨਿਊ ਅਤੇ 120 ਸਟਰੀਟ ਨੇੜੇ ਦੁਪਹਿਰ 3 ਵਜੇ ਤੋਂ ਕੁਝ ਪਹਿਲਾਂ ਵਾਪਰਿਆ। ਡੈਲਟਾ ਪੁਲਿਸ ਮੁਤਾਬਕ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਹੋਈ, ਜਿਸ ਤੋਂ ਬਾਅਦ ਮੋਟਰਸਾਈਕਲ ਹਵਾ ਵਿੱਚ ਉੱਛਲ ਕੇ ਟ੍ਰੈਫਿਕ ਸਿਗਨਲਾਂ ਉੱਪਰ ਜਾ ਫਸਿਆ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਾਂਕਿ ਪੁਲਿਸ ਨੇ ਸਪੱਸ਼ਟ ਕੀਤਾ ਕਿ ਉਸ ਦੀਆਂ ਸੱਟਾਂ ਜਾਨਲੇਵਾ ਨਹੀਂ ਹਨ। ਦੂਜੇ ਪਾਸੇ ਕਾਰ ਚਾਲਕ ਨੂੰ ਕਿਸੇ ਕਿਸਮ ਦੀ ਸੱਟ ਨਹੀਂ ਲੱਗੀ। ਘਟਨਾ ਵਾਲੀ ਥਾਂ ’ਤੇ ਮੌਜੂਦ ਲੋਕਾਂ ਲਈ ਇਹ ਦ੍ਰਿਸ਼ ਬਹੁਤ ਹੀ ਹੈਰਾਨੀਜਨਕ ਸੀ। ਜਦੋਂ ਐਮਰਜੈਂਸੀ ਟੀਮਾਂ ਮੋਟਰਸਾਈਕਲ ਨੂੰ ਟ੍ਰੈਫਿਕ ਸਿਗਨਲਾਂ ਤੋਂ ਹੇਠਾਂ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਸਨ, ਤਾਂ ਕਈ ਲੋਕਾਂ ਨੇ ਇਸ ਅਨੋਖੇ ਮੰਜ਼ਰ ਦੀਆਂ ਵੀਡੀਓਜ਼ ਆਪਣੇ ਮੋਬਾਈਲ ਫੋਨਾਂ ਵਿੱਚ ਕੈਦ ਕਰ ਲਈਆਂ। ਸਰੀ ਨਿਵਾਸੀ ਵਿਲੀਅਮ ਚੈਨ ਨੇ ਕਿਹਾ ਕਿ ਇਹ ਨਜ਼ਾਰਾ ਕਿਸੇ ਐਕਸ਼ਨ ਫਿਲਮ ਦੇ ਦ੍ਰਿਸ਼ ਵਰਗਾ ਲੱਗ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਹ ਸਮਝ ਹੀ ਨਹੀਂ ਸਕੇ ਕਿ ਮੋਟਰਸਾਈਕਲ ਟ੍ਰੈਫਿਕ ਲਾਈਟਾਂ ਤੱਕ ਕਿਵੇਂ ਪਹੁੰਚ ਗਿਆ। ਇੱਕ ਹੋਰ ਚਸ਼ਮਦੀਦ ਜੇਵੋਨ ਰਿਆਨ ਨੇ ਵੀ ਇਸ ਘਟਨਾ ਨੂੰ ਅਵਿਸ਼ਵਾਸ਼ਯੋਗ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਅਜੇ ਤੱਕ ਇਹੀ ਸੋਚ ਰਹੇ ਹਨ ਕਿ ਇਹ ਹਾਦਸਾ ਆਖਿਰ ਕਿਵੇਂ ਵਾਪਰਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Leave a Reply