ਕੈਨੇਡੀਅਨ ਮਹਿਲਾ ’ਤੇ ਅਮਰੀਕਾ ਵਿੱਚ ਗੈਰਕਾਨੂੰਨੀ ਦਾਖ਼ਲੇ ਦੇ ਦੋਸ਼, ਬਾਰਡਰ ਏਜੰਟ ’ਤੇ ਹਮਲੇ ਦਾ ਮਾਮਲਾ
- ਵਿਦੇਸ਼
- (Asia/Kolkata)
ਵਾਸਿ਼ੰਗਟਨ, ਇੱਕ ਕੈਨੇਡੀਅਨ ਮਹਿਲਾ ਨੂੰ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਅਤੇ ਇੱਕ ਅਮਰੀਕੀ ਬਾਰਡਰ ਏਜੰਟ ਦੇ ਮੂੰਹ ’ਤੇ ਲੱਤ ਮਾਰਨ ਦੇ ਦੋਸ਼ਾਂ ਹੇਠ ਚਾਰਜ ਕੀਤਾ ਗਿਆ ਹੈ। ਇਹ ਮਾਮਲਾ ਵਾਸਿ਼ੰਗਟਨ ਸੂਬੇ ਨਾਲ ਲੱਗਦੀ ਪੀਸ ਆਰਚ ਬਾਰਡਰ ਕ੍ਰਾਸਿੰਗ ਨਾਲ ਜੁੜਿਆ ਹੋਇਆ ਹੈ। ਅਮਰੀਕੀ ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ, ਮਹਿਲਾ ਨੂੰ ਮੰਗਲਵਾਰ ਨੂੰ ਸਰੀ, ਬ੍ਰਿਟਿਸ਼ ਕੋਲੰਬੀਆ ਦੇ ਦੱਖਣ ਵਿੱਚ ਸਥਿਤ ਪੀਸ ਆਰਚ ਬਾਰਡਰ ਕ੍ਰਾਸਿੰਗ ’ਤੇ ਅਮਰੀਕਾ ਵਿੱਚ ਪ੍ਰਵੇਸ਼ ਤੋਂ ਰੋਕ ਦਿੱਤਾ ਗਿਆ ਸੀ। ਅਧਿਕਾਰੀਆਂ ਅਨੁਸਾਰ, ਉਸ ਕੋਲ ਮਾਰੀਜੁਆਨਾ ਵਾਲਾ ਵੈਪ ਪੈਨ ਮੌਜੂਦ ਸੀ, ਜਿਸ ਕਾਰਨ ਉਸ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਐਫਬੀਆਈ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਸ ਤੋਂ ਬਾਅਦ ਮਹਿਲਾ ਨੇ ਪੀਸ ਆਰਚ ਸਟੇਟ ਪਾਰਕ ਵਿੱਚ ਮੌਜੂਦ ਬਫ਼ਰ ਜ਼ੋਨ ਰਾਹੀਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਬਾਰਡਰ ਏਜੰਟਾਂ ਦਾ ਦਾਅਵਾ ਹੈ ਕਿ ਗ੍ਰਿਫ਼ਤਾਰੀ ਦੌਰਾਨ ਮਹਿਲਾ ਨੇ ਗਾਲਾਂ ਕੱਢੀਆਂ, ਗ੍ਰਿਫ਼ਤਾਰੀ ਤੋਂ ਇਨਕਾਰ ਕੀਤਾ ਅਤੇ ਇੱਕ ਮਹਿਲਾ ਸੁਪਰਵਾਈਜ਼ਰ ਦੇ ਮੂੰਹ ’ਤੇ ਲੱਤ ਮਾਰੀ। ਹਾਲਾਂਕਿ, ਐਫਬੀਆਈ ਅਨੁਸਾਰ ਮਹਿਲਾ ਨੇ ਜਾਂਚ ਦੌਰਾਨ ਕਿਹਾ ਕਿ ਉਹ ਆਪਣੇ ਮੰਗੇਤਰ ਨੂੰ ਮਿਲਣ ਅਤੇ ਉਨ੍ਹਾਂ ਦੇ ਕੁੱਤੇ ਨੂੰ ਵਾਪਸ ਲਿਆਉਣ ਲਈ ਆਈ ਸੀ ਅਤੇ ਉਸ ਦਾ ਕਿਸੇ ਨੂੰ ਜਾਣਬੁਝ ਕੇ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਮਹਿਲਾ ਨੂੰ ਇਸ ਮਹੀਨੇ ਦੇ ਅੰਤ ਵਿੱਚ ਮੁੜ ਅਦਾਲਤ ਵਿੱਚ ਪੇਸ਼ ਹੋਣਾ ਹੈ।
Leave a Reply