ਆਬਕਾਰੀ ਵਿਭਾਗ ਦੀ ਕਾਰਵਾਈ: ਮਹਿੰਗੇ ਬ੍ਰਾਂਡਾਂ ਦੇ ਨਾਮ ’ਤੇ ਸਸਤੀ ਸ਼ਰਾਬ ਵੇਚਣ ਵਾਲੇ ਕਾਬੂ

ਆਬਕਾਰੀ ਵਿਭਾਗ ਦੀ ਕਾਰਵਾਈ: ਮਹਿੰਗੇ ਬ੍ਰਾਂਡਾਂ ਦੇ ਨਾਮ ’ਤੇ ਸਸਤੀ ਸ਼ਰਾਬ ਵੇਚਣ ਵਾਲੇ ਕਾਬੂ

ਪਟਿਆਲਾ ਵਿੱਚ ਨਕਲੀ ਅਤੇ ਮੁੜ ਭਰੀਆਂ ਸ਼ਰਾਬ ਦੀਆਂ ਬੋਤਲਾਂ ਨਾਲ ਜੁੜੇ ਤਿੰਨ ਵੱਖ-ਵੱਖ ਮਾਮਲਿਆਂ ਦੀ ਜਾਂਚ ਦੌਰਾਨ ਇੱਕ ਵੱਡੇ ਗਠਜੋੜ ਦਾ ਪਰਦਾਫ਼ਾਸ਼ ਹੋਇਆ ਹੈ। ਮੁੱਢਲੀ ਜਾਂਚ ਮੁਤਾਬਕ, ਮਹਿੰਗੇ ਬ੍ਰਾਂਡਾਂ ਵਾਲੀਆਂ ਬੋਤਲਾਂ ਵਿੱਚ ਘਟੀਆ ਦਰਜੇ ਦੀ ਸ਼ਰਾਬ ਭਰ ਕੇ ਵੇਚੀ ਜਾ ਰਹੀ ਸੀ। ਸੀਨੀਅਰ ਅਧਿਕਾਰੀਆਂ ਦੇ ਅਨੁਸਾਰ, ਕੁਝ ਪ੍ਰੀਮੀਅਮ ਸਕੌਚ ਅਤੇ ਸਿੰਗਲ ਮਾਲਟ ਬ੍ਰਾਂਡਾਂ ਦੀਆਂ ਬੋਤਲਾਂ ਵਿੱਚ ਨਾਜਾਇਜ਼ ਸ਼ਰਾਬ ਭਰਨ ਦੇ ਸਬੂਤ ਮਿਲੇ ਹਨ। ਇੱਕ ਆਬਕਾਰੀ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ Johnnie Walker Black Label, Black Dog Gold Reserve ਅਤੇ 100 Pipers ਵਰਗੇ ਮਸ਼ਹੂਰ ਬ੍ਰਾਂਡਾਂ ਦੀਆਂ ਖਾਲੀ ਬੋਤਲਾਂ ਇਕੱਠੀਆਂ ਕਰਦੇ ਸਨ ਅਤੇ ਉਹਨਾਂ ਵਿੱਚ ਘੱਟ ਦਰਜੇ ਦੀ ‘ਇੰਡੀਅਨ ਮੇਡ ਫੋਰਿਨ ਲਿਕਰ’ ਭਰ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਇੱਕ ਨਿਰਧਾਰਤ ਮਾਤਰਾ ਵਿੱਚ ਖਾਲੀ ਬੋਤਲਾਂ ਇਕੱਠੀਆਂ ਹੋ ਜਾਂਦੀਆਂ ਸਨ, ਤਾਂ ਉਹਨਾਂ ਨੂੰ ਚੰਡੀਗੜ੍ਹ ਤੋਂ ਲਿਆਂਦੀ ਸਸਤੀ ਸ਼ਰਾਬ ਜਾਂ ਹੋਰ ਉਪਲਬਧ ਦਰਜੇ ਦੀ ਲਿਕਰ ਨਾਲ ਭਰਿਆ ਜਾਂਦਾ ਸੀ। ਇਸ ਤਰੀਕੇ ਨਾਲ ਮੁਲਜ਼ਮ ਵੱਡਾ ਮੁਨਾਫ਼ਾ ਕਮਾਉਂਦੇ ਸਨ, ਕਿਉਂਕਿ ਇਹ ਬੋਤਲਾਂ ਵਿਆਹਾਂ ਅਤੇ ਹੋਰ ਸਮਾਗਮਾਂ ਵਿੱਚ ਵੇਚੀਆਂ ਜਾਂਦੀਆਂ ਸਨ, ਜਿੱਥੇ ਆਮ ਤੌਰ ’ਤੇ ਇਸ ਧੋਖਾਧੜੀ ਦਾ ਪਤਾ ਨਹੀਂ ਲੱਗਦਾ ਸੀ। ਪਟਿਆਲਾ ਆਬਕਾਰੀ ਵਿਭਾਗ ਨੇ ਇਸ ਸਬੰਧੀ ਤਿੰਨ ਐੱਫਆਈਆਰ ਦਰਜ ਕਰਕੇ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਵੱਡੀ ਮਾਤਰਾ ਵਿੱਚ ਨਾਜਾਇਜ਼, ਨਕਲੀ ਅਤੇ ਤਸਕਰੀ ਕੀਤੀ ਗਈ ਸ਼ਰਾਬ ਜ਼ਬਤ ਕੀਤੀ ਗਈ ਹੈ। ਇਹ ਕਾਰਵਾਈ ਪਹਿਲਾਂ ਤੋਂ ਪ੍ਰਾਪਤ ਖੁਫੀਆ ਜਾਣਕਾਰੀ ਅਤੇ ਵੱਖ-ਵੱਖ ਏਜੰਸੀਆਂ ਦੇ ਸਾਂਝੇ ਯਤਨਾਂ ਨਾਲ ਕੀਤੀ ਗਈ। ਬਰਾਮਦ ਕੀਤੀਆਂ ਗਈਆਂ ਬੋਤਲਾਂ ਵਿੱਚ 47 ਰਾਇਲ ਚੈਲੇਂਜ, 24 ਪੰਜਾਬ ਮੋਟਾ ਸੰਤਰਾ, 7 ਪੰਜਾਬ ਰਾਨੋ ਸੌਂਫੀ ਅਤੇ 8 ਰਾਇਲ ਸਟੈਗ ਦੀਆਂ ਬੋਤਲਾਂ ਸ਼ਾਮਲ ਹਨ। ਇਸ ਤੋਂ ਇਲਾਵਾ 10 ਬੋਤਲਾਂ ‘ਸੁਪਰ ਹਿੰਮਤ ਸੌਂਫ’ ਦੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ, ਜੋ ਚੰਡੀਗੜ੍ਹ ਦੇ ਖੇਤਰੀ ਅਧਿਕਾਰ ਵਾਲੀ ਸ਼ਰਾਬ ਸੀ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਪੰਜਾਬ ਵਿੱਚ ਲਿਆਂਦੀ ਗਈ ਸੀ। ਆਬਕਾਰੀ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਇਹ ਨਕਲੀ ਸ਼ਰਾਬ ਮਾਰਕੀਟ ਵਿੱਚ ਪਹੁੰਚ ਜਾਂਦੀ, ਤਾਂ ਇਸ ਦੇ ਨਤੀਜੇ ਗੰਭੀਰ ਅਤੇ ਜਾਨਲੇਵਾ ਹੋ ਸਕਦੇ ਸਨ। ਇੱਕ ਸ਼ਰਾਬ ਠੇਕੇਦਾਰ ਦੇ ਅਨੁਸਾਰ, ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋਂ ਇੱਕ ਪੁਰਾਣਾ ਅਪਰਾਧੀ ਹੈ, ਜੋ ਪਿਛਲੇ ਮਾਮਲਿਆਂ ਦੇ ਬਾਵਜੂਦ ਜ਼ਮਾਨਤ ’ਤੇ ਬਾਹਰ ਆ ਕੇ ਫਿਰ ਇਸੇ ਧੰਦੇ ਵਿੱਚ ਸ਼ਾਮਲ ਹੋ ਜਾਂਦਾ ਹੈ। ਉਸ ਨੇ ਕਿਹਾ ਕਿ ਘਟੀਆ ਦਰਜੇ ਦੀ ਸ਼ਰਾਬ ਨੂੰ ਮਹਿੰਗੇ ਬ੍ਰਾਂਡਾਂ ਵਿੱਚ ਭਰ ਕੇ ਵੇਚਣਾ ਕਿਸੇ ਵੱਡੇ ਹਾਦਸੇ ਨੂੰ ਜਨਮ ਦੇ ਸਕਦਾ ਹੈ। ਉਸ ਨੇ ਮੰਗ ਕੀਤੀ ਕਿ ਅਜਿਹੇ ਮਾਮਲਿਆਂ ਵਿੱਚ ਮੁਲਜ਼ਮਾਂ ’ਤੇ ਕਤਲ ਦੀ ਕੋਸ਼ਿਸ਼ ਵਰਗੀਆਂ ਸਖ਼ਤ ਧਾਰਾਵਾਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ।