ਜੈਵਲਿਨ ਤੋਂ ਰਗਬੀ ਤੱਕ ਅਮਨਦੀਪ ਕੌਰ ਦਾ ਸ਼ਾਨਦਾਰ ਸਫਰ

ਜੈਵਲਿਨ ਤੋਂ ਰਗਬੀ ਤੱਕ ਅਮਨਦੀਪ ਕੌਰ ਦਾ ਸ਼ਾਨਦਾਰ ਸਫਰ

ਖੇਡਾਂ ਦੇ ਖੇਤਰ ਵਿੱਚ ਉੱਚਾ ਦਰਜਾ ਹਾਸਲ ਕਰਨਾ ਅਜੋਕੇ ਸਮੇਂ ਵਿੱਚ ਕੁੜੀਆਂ ਲਈ ਆਸਾਨ ਨਹੀਂ, ਪਰ ਮਾਪਿਆਂ ਦੀ ਹੌਸਲਾ ਅਫਜ਼ਾਈ, ਅਧਿਆਪਕਾਂ ਦੀ ਸਹੀ ਰਹਿਨੁਮਾਈ ਅਤੇ ਖਿਡਾਰੀ ਦੀ ਮਿਹਨਤ ਨਾਲ ਹਰ ਮੁਸ਼ਕਲ ਨੂੰ ਪਾਰ ਕੀਤਾ ਜਾ ਸਕਦਾ ਹੈ। ਇਸ ਦੀ ਜੀਵੰਤ ਮਿਸਾਲ ਅਮਨਦੀਪ ਕੌਰ ਹੈ, ਜਿਸ ਨੇ ਆਪਣੀ ਲਗਨ ਅਤੇ ਜ਼ਜ਼ਬੇ ਨਾਲ ਵੱਡੀ ਕਾਮਯਾਬੀ ਹਾਸਲ ਕੀਤੀ ਹੈ। Amandeep Kaur ਨੇ ਭਾਰਤੀ ਰਗਬੀ ਟੀਮ ਵਿੱਚ ਚੁਣੇ ਜਾਣ ਵਾਲੀ ਪਹਿਲੀ ਪੰਜਾਬੀ ਖਿਡਾਰਨ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਹ ਜ਼ਿਲ੍ਹਾ Fatehgarh Sahib ਦੇ ਪਿੰਡ ਧੀਰਪੁਰ ਦੀ ਰਹਿਣ ਵਾਲੀ ਹੈ ਅਤੇ ਇੱਕ ਸਧਾਰਣ ਪੇਂਡੂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰ ਤੋਂ ਉੱਠ ਕੇ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਬਣਾਈ ਹੈ। ਸ਼ੁਰੂਆਤੀ ਦੌਰ ਵਿੱਚ ਅਮਨਦੀਪ ਕੌਰ ਸਕੂਲ ਸਮੇਂ ਜੈਵਲਿਨ ਥ੍ਰੋਅ ਕਰਦੀ ਸੀ। ਉਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਵਿੱਚ ਪੜ੍ਹਾਈ ਦੌਰਾਨ ਸਰੀਰਕ ਸਿੱਖਿਆ ਦੀ ਅਧਿਆਪਕਾ ਸਤਿੰਦਰਵੀਰ ਕੌਰ ਦੀ ਪ੍ਰੇਰਣਾ ਨਾਲ ਇਸ ਖੇਡ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਜ਼ਿਲ੍ਹਾ ਅਤੇ ਰਾਜ ਪੱਧਰ ’ਤੇ ਵਧੀਆ ਪ੍ਰਦਰਸ਼ਨ ਕੀਤਾ। ਬਾਰ੍ਹਵੀਂ ਪਾਸ ਕਰਨ ਉਪਰੰਤ, ਉਸ ਨੇ Sri Guru Granth Sahib World University ਵਿੱਚ ਬੀਪੀਈਐੱਸ ਕੋਰਸ ਵਿੱਚ ਦਾਖ਼ਲਾ ਲਿਆ। ਇੱਥੇ ਉਸ ਦੀ ਜ਼ਿੰਦਗੀ ਵਿੱਚ ਮੋੜ ਆਇਆ ਜਦੋਂ ਕੋਚ ਸੰਦੀਪ ਕੁਮਾਰ ਦੀ ਰਹਿਨੁਮਾਈ ਹੇਠ ਉਸ ਨੇ ਰਗਬੀ ਖੇਡਣ ਦਾ ਫ਼ੈਸਲਾ ਕੀਤਾ। ਲਗਾਤਾਰ ਮਿਹਨਤ ਨਾਲ ਉਸ ਨੇ ਯੂਨੀਵਰਸਿਟੀ ਅਤੇ ਅੰਤਰ-ਯੂਨੀਵਰਸਿਟੀ ਮੁਕਾਬਲਿਆਂ ਵਿੱਚ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ। ਸਾਲ 2022 ਵਿੱਚ ਉਸ ਨੇ ਪਟਨਾ ਸਾਹਿਬ ਵਿੱਚ ਹੋਈ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ 21 ਅਗਸਤ 2025 ਨੂੰ ਉਹ ਥਾਈਲੈਂਡ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਚੁਣੀਆਂ ਗਈਆਂ 14 ਖਿਡਾਰਨਾਂ ਵਿੱਚ ਸ਼ਾਮਲ ਹੋਈ। 11 ਸਤੰਬਰ 2025 ਨੂੰ ਉਹ ਭਾਰਤੀ ਰਗਬੀ ਟੀਮ ਵਿੱਚ ਚੁਣੀ ਗਈ। ਅਮਨਦੀਪ ਕੌਰ ਨੇ 20-21 ਸਤੰਬਰ 2025 ਨੂੰ ਚੀਨ ਅਤੇ 18-19 ਅਕਤੂਬਰ 2025 ਨੂੰ ਸ੍ਰੀਲੰਕਾ ਵਿੱਚ ਹੋਈਆਂ ਏਸ਼ੀਆਈ ਲੀਗ ਮੁਕਾਬਲਿਆਂ ਵਿੱਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ। ਹੁਣ ਉਸ ਦਾ ਟੀਚਾ ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਤਗਮਾ ਜਿੱਤਣਾ ਹੈ। 24 ਸਾਲਾ ਅਮਨਦੀਪ ਕੌਰ ਪੜ੍ਹਾਈ ਅਤੇ ਖੇਡ ਦੋਹਾਂ ਨੂੰ ਸਮਰਪਿਤ ਹੈ ਅਤੇ ਭਵਿੱਖ ਵਿੱਚ ਹੋਰ ਉੱਚਾਈਆਂ ਹਾਸਲ ਕਰਨ ਲਈ ਲਗਾਤਾਰ ਮਿਹਨਤ ਕਰ ਰਹੀ ਹੈ।