ਮੌਨਸੂਨ ਦੀ ਪਹਿਲੀ ਵਰਖਾ ਨਾਲ ਪੰਜਾਬ ਜਲ-ਥਲ, ਕਈ ਸ਼ਹਿਰਾਂ ਵਿੱਚ ਪਾਣੀ ਭਰਿਆ
- ਪੰਜਾਬ
- (Asia/Kolkata)
ਪੰਜਾਬ ਵਿੱਚ ਮੌਨਸੂਨ ਦੀ ਦਸਤਕ ਨਾਲ ਲੰਘੀ ਰਾਤ ਡੇਢ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਨੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਦਿੱਤੀ ਹੈ। ਹਾਲਾਂਕਿ, ਪਹਿਲੀ ਹੀ ਵਰਖਾ ਨੇ ਕਈ ਸ਼ਹਿਰਾਂ ਵਿੱਚ ਪਾਣੀ ਭਰਨ ਦੀ ਸਮੱਸਿਆ ਨੂੰ ਵੀ ਉਜਾਗਰ ਕਰ ਦਿੱਤਾ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਨਸੂਨ ਦੇ ਸਰਗਰਮ ਹੋਣ ਨਾਲ ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਦਾ ਦੌਰ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਏ ਭਾਰੀ ਮੀਂਹ ਕਾਰਨ ਸ਼ਹਿਰੀ ਖੇਤਰਾਂ ਵਿੱਚ ਸੜਕਾਂ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਇਕੱਠਾ ਹੋ ਗਿਆ। ਇਸ ਨਾਲ ਸਥਾਨਕ ਪ੍ਰਸ਼ਾਸਨ ਵੱਲੋਂ ਮੌਨਸੂਨ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਤਿਆਰੀਆਂ 'ਤੇ ਵੀ ਸਵਾਲ ਖੜ੍ਹੇ ਹੋਏ ਹਨ। ਦੂਜੇ ਪਾਸੇ, ਖੇਤੀਬਾੜੀ ਦੇ ਨਜ਼ਰੀਏ ਨਾਲ ਇਹ ਮੀਂਹ ਲਾਹੇਵੰਦ ਮੰਨਿਆ ਜਾ ਰਿਹਾ ਹੈ। ਖੇਤਾਂ ਵਿੱਚ ਪਾਣੀ ਭਰਨ ਨਾਲ ਝੋਨੇ ਦੀ ਫ਼ਸਲ ਨੂੰ ਫ਼ਾਇਦਾ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੀਂਹ ਪੈਣ ਕਾਰਨ ਸੂਬੇ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ ਕਰੀਬ ਚਾਰ ਤੋਂ ਪੰਜ ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ ਹੈ, ਜਿਸ ਨਾਲ ਮੌਸਮ ਸੁਹਾਵਣਾ ਹੋ ਗਿਆ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ਵਿੱਚ 22 ਮਿਲੀਮੀਟਰ, ਅੰਮ੍ਰਿਤਸਰ ਵਿੱਚ 39.8 ਮਿਲੀਮੀਟਰ, ਲੁਧਿਆਣਾ ਵਿੱਚ 82.5 ਮਿਲੀਮੀਟਰ, ਪਟਿਆਲਾ ਵਿੱਚ 22.9 ਮਿਲੀਮੀਟਰ, ਬਠਿੰਡਾ ਵਿੱਚ 56 ਮਿਲੀਮੀਟਰ, ਫਰੀਦਕੋਟ ਵਿੱਚ 71 ਮਿਲੀਮੀਟਰ, ਗੁਰਦਾਸਪੁਰ ਵਿੱਚ 5.6 ਮਿਲੀਮੀਟਰ, ਨਵਾਂ ਸ਼ਹਿਰ ਵਿੱਚ 2.2 ਮਿਲੀਮੀਟਰ, ਫਿਰੋਜ਼ਪੁਰ ਵਿੱਚ 68 ਮਿਲੀਮੀਟਰ, ਹੁਸ਼ਿਆਰਪੁਰ ਵਿੱਚ 2.5 ਮਿਲੀਮੀਟਰ, ਮੋਗਾ ਵਿੱਚ 57.5 ਮਿਲੀਮੀਟਰ, ਮੁਹਾਲੀ ਵਿੱਚ 21.5 ਮਿਲੀਮੀਟਰ, ਪਠਾਨਕੋਟ ਵਿੱਚ 47 ਮਿਲੀਮੀਟਰ ਅਤੇ ਰੂਪਨਗਰ ਵਿੱਚ 13.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਨੇ ਅਨੁਮਾਨ ਜਤਾਇਆ ਹੈ ਕਿ 2 ਤੋਂ 7 ਜੁਲਾਈ ਤੱਕ ਪੰਜਾਬ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਲਈ 7 ਜੁਲਾਈ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਮੌਸਮ ਸੰਬੰਧੀ ਅਪਡੇਟਾਂ 'ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਹੈ।
Leave a Reply