ਪੜ੍ਹਾਈ ਨਾਲ ਖੇਡਾਂ ਵਿੱਚ ਵੀ ਅੱਗੇ ਸੁਪਨੀਤ ਕੌਰ, ਤਲਵਾਰਬਾਜ਼ੀ ਵਿੱਚ ਵੀ ਜਿੱਤ ਚੁੱਕੀ ਮੈਡਲ

ਪੜ੍ਹਾਈ ਨਾਲ ਖੇਡਾਂ ਵਿੱਚ ਵੀ ਅੱਗੇ ਸੁਪਨੀਤ ਕੌਰ, ਤਲਵਾਰਬਾਜ਼ੀ ਵਿੱਚ ਵੀ ਜਿੱਤ ਚੁੱਕੀ ਮੈਡਲ

Punjab School Education Board ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ Supneet Kaur ਨੇ ਸੂਬੇ ਭਰ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਮਾਨਸਾ ਜ਼ਿਲ੍ਹੇ ਅਤੇ ਆਪਣੇ ਪਿੰਡ ਉਭਾ ਦਾ ਨਾਮ ਰੌਸ਼ਨ ਕੀਤਾ ਹੈ। ਸੁਪਨੀਤ ਕੌਰ ਭਵਿੱਖ ਵਿੱਚ ਪਾਇਲਟ ਬਣਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਦਸਵੀਂ ਜਮਾਤ ਵਿੱਚ ਵੀ ਉਸ ਨੇ 95 ਫੀਸਦੀ ਅੰਕ ਪ੍ਰਾਪਤ ਕੀਤੇ ਸਨ। ਮਾਨਸਾ ਦੇ ਪਿੰਡ ਉਭਾ ਵਿੱਚ ਸਥਿਤ Gurukul Academy Ubha ਦੀ ਵਿਦਿਆਰਥਣ ਸੁਪਨੀਤ ਸਿਰਫ਼ ਪੜ੍ਹਾਈ ਵਿੱਚ ਹੀ ਨਹੀਂ, ਸਗੋਂ ਖੇਡਾਂ ਵਿੱਚ ਵੀ ਅੱਗੇ ਰਹੀ ਹੈ। ਉਹ ਤਲਵਾਰਬਾਜ਼ੀ ਦੀ ਹੋਣਹਾਰ ਖਿਡਾਰਨ ਹੈ ਅਤੇ ਸਾਲ 2025 ਵਿੱਚ ਜੰਮੂ-ਕਸ਼ਮੀਰ ਵਿੱਚ ਹੋਈ ਕੌਮੀ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਮੈਡਲ ਵੀ ਜਿੱਤ ਚੁੱਕੀ ਹੈ। ਇਸ ਪ੍ਰਾਪਤੀ ਲਈ ਉਸ ਨੂੰ ਰਾਜ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਸਕੂਲ ਦੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਪੁਰਵਾ ਅਤੇ ਸੁਭਾਸ਼ ਬਿੱਟੂ ਵੱਲੋਂ ਸੁਪਨੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੁਪਨੀਤ ਦੇ ਪਿਤਾ ਰਾਜ ਸਿੰਘ ਪਿੰਡ ਉਭਾ ਵਿੱਚ ਇੱਕ ਅਕੈਡਮੀ ਚਲਾਉਂਦੇ ਹਨ, ਜਦਕਿ ਉਸ ਦੀ ਮਾਤਾ ਆਂਗਨਵਾੜੀ ਵਰਕਰ ਹਨ। ਪਰਿਵਾਰ ਨੇ ਇਸ ਸਫਲਤਾ ਦਾ ਸਿਹਰਾ ਸੁਪਨੀਤ ਦੀ ਮਿਹਨਤ ਅਤੇ ਅਧਿਆਪਕਾਂ ਦੀ ਰਹਿਨੁਮਾਈ ਨੂੰ ਦਿੱਤਾ ਹੈ। ਸੁਪਨੀਤ ਦੇ ਪਿਤਾ ਨੇ ਦੱਸਿਆ ਕਿ ਉਸ ਨੇ ਕਦੇ ਵੀ ਟਿਊਸ਼ਨ ਨਹੀਂ ਲਈ ਅਤੇ ਆਪਣੀ ਲਗਾਤਾਰ ਮਿਹਨਤ ਦੇ ਸਹਾਰੇ ਇਹ ਉਪਲਬਧੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਘਰ ਦੇ ਸਧਾਰਨ ਹਾਲਾਤਾਂ ਦੇ ਬਾਵਜੂਦ ਧੀ ਨੇ ਵੱਡੀ ਕਾਮਯਾਬੀ ਹਾਸਲ ਕਰਕੇ ਪਰਿਵਾਰ ਦਾ ਮਾਣ ਵਧਾਇਆ ਹੈ। Navjot Kaur ਨੇ ਵੀ ਸੁਪਨੀਤ ਦੀ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਹੋਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸਦੇ ਨਾਲ ਹੀ ਸਿੱਖਿਆ ਅਤੇ ਕਲਾ ਮੰਚ ਪੰਜਾਬ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਉਹ ਖੁਦ ਸੁਪਨੀਤ ਦੇ ਘਰ ਜਾ ਕੇ ਉਸ ਦਾ ਵਿਸ਼ੇਸ਼ ਸਨਮਾਨ ਕਰਨਗੇ। ਉੱਧਰ, ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਵੀ ਇਸ ਸਾਲ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। Suhani Chauhan ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਸੂਬੇ ਵਿੱਚ ਦੂਜਾ ਸਥਾਨ ਹਾਸਲ ਕੀਤਾ, ਜਦਕਿ Divanshi ਨੇ ਤੀਜਾ ਸਥਾਨ ਹਾਸਲ ਕੀਤਾ। ਦਿਵਾਂਸ਼ੀ ਨੇ ਆਪਣੀ ਸਫਲਤਾ ਦਾ ਸਿਹਰਾ ਅਨੁਸ਼ਾਸਨ, ਟਾਈਮ ਟੇਬਲ ਬਣਾ ਕੇ ਪੜ੍ਹਾਈ ਕਰਨ ਅਤੇ ਅਧਿਆਪਕਾਂ ਦੀ ਤਿਆਰੀ ਨੂੰ ਦਿੱਤਾ। ਉਸ ਨੇ ਕਿਹਾ ਕਿ ਮੈਰਿਟ ਵਿੱਚ ਆਉਣ ਦੀ ਉਮੀਦ ਤਾਂ ਸੀ, ਪਰ ਸੂਬੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕਰਨਾ ਉਸ ਲਈ ਬੇਹੱਦ ਖੁਸ਼ੀ ਦੀ ਗੱਲ ਹੈ। ਜਾਣਕਾਰੀ ਅਨੁਸਾਰ ਦਿਵਾਂਸ਼ੀ ਦੇ ਪਿਤਾ ਨਵੀਤ ਜੌਹਰ ਇੱਕ ਪ੍ਰਾਈਵੇਟ ਕੰਪਨੀ ਵਿੱਚ ਮਾਰਕੀਟਿੰਗ ਮੈਨੇਜਰ ਹਨ, ਜਦਕਿ ਉਸ ਦੀ ਮਾਤਾ ਇੱਕ ਪ੍ਰਾਈਵੇਟ ਸਕੂਲ ਵਿੱਚ ਕੋਆਰਡੀਨੇਟਰ ਵਜੋਂ ਕੰਮ ਕਰਦੀ ਹੈ। ਦਿਵਾਂਸ਼ੀ ਭਵਿੱਖ ਵਿੱਚ ਸਾਫਟਵੇਅਰ ਇੰਜੀਨੀਅਰ ਬਣਨਾ ਚਾਹੁੰਦੀ ਹੈ। ਇਸੇ ਦੌਰਾਨ Khalsa College Patiala ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਐਲਾਨ ਕੀਤਾ ਕਿ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਸੁਪਨੀਤ ਕੌਰ ਨੂੰ ਕਾਲਜ ਵਿੱਚ ਮੁਫ਼ਤ ਪੜ੍ਹਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਸ ਦੀ ਰਹਾਇਸ਼, ਕਿਤਾਬਾਂ ਅਤੇ ਹੋਰ ਲੋੜਾਂ ਦਾ ਖਰਚਾ ਵੀ ਕਾਲਜ ਵੱਲੋਂ ਉਠਾਇਆ ਜਾਵੇਗਾ।