ਕਰਨਲ ਬਾਠ ਕੇਸ: ਸੀਬੀਆਈ ਵੱਲੋਂ ਮੁਹਾਲੀ ਕੋਰਟ ’ਚ ਚਾਰਜਸ਼ੀਟ ਦਾਖ਼ਲ

ਕਰਨਲ ਬਾਠ ਕੇਸ: ਸੀਬੀਆਈ ਵੱਲੋਂ ਮੁਹਾਲੀ ਕੋਰਟ ’ਚ ਚਾਰਜਸ਼ੀਟ ਦਾਖ਼ਲ

ਸੀਬੀਆਈ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੰਜਾਬ ਪੁਲੀਸ ਦੇ ਚਾਰ ਮੁਲਾਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਸਤਗਾਸਾ ਪੱਖ ਨੇ ਪੰਜਾਬ ਪੁਲੀਸ ਦੇ ਚਾਰ ਅਧਿਕਾਰੀਆਂ ਖ਼ਿਲਾਫ਼ ਹੋਰਨਾਂ ਤੋਂ ਇਲਾਵਾ ਗੰਭੀਰ ਸੱਟਾਂ ਪਹੁੰਚਾਉਣ ਅਤੇ ਗਲਤ ਤਰੀਕੇ ਨਾਲ ਰੋਕਣ ਦੇ ਦੋਸ਼ ਲਗਾਏ ਹਨ।
 

ਚਾਰਜਸ਼ੀਟ ਮੁਤਾਬਕ ਇੰਸਪੈਕਟਰ ਰੌਨੀ ਸਿੰਘ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਹੈ। ਚਾਰਜਸ਼ੀਟ ਵਿੱਚ ਇਰਾਦਾ ਕਤਲ (attempt to murder) ਦੀ ਧਾਰਾ ਦਾ ਕੋਈ ਜ਼ਿਕਰ ਨਹੀਂ ਹੈ। ਪਟਿਆਲਾ ਪੁਲੀਸ ਨੇ ਇਸ ਤੋਂ ਪਹਿਲਾਂ ਚਾਰ ਇੰਸਪੈਕਟਰਾਂ, ਜਿਨ੍ਹਾਂ ਵਿੱਚ ਹੈਰੀ ਬੋਪਾਰਾਏ, ਰੌਨੀ ਸਿੰਘ ਅਤੇ ਹਰਜਿੰਦਰ ਢਿੱਲੋਂ ਸ਼ਾਮਲ ਸਨ, ਦੇ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 109 (ਇਰਾਦਾ ਕਤਲ), 310, 155(2), 117(2) (ਦੋਵੇਂ ਸਵੈ-ਇੱਛਾ ਨਾਲ ਸੱਟ ਪਹੁੰਚਾਉਣ ਨਾਲ ਸਬੰਧਤ), 126(2) (ਗਲਤ ਰੋਕਥਾਮ), ਅਤੇ 351(2) (ਅਪਰਾਧਿਕ ਧਮਕੀ) ਤਹਿਤ ਐੱਫਆਈਆਰ ਦਰਜ ਕੀਤੀ ਸੀ।
 

ਬਾਅਦ ਵਿੱਚ ਇੱਕ ਹੋਰ ਇੰਸਪੈਕਟਰ ਨੂੰ ਬੀਐੱਨਐੱਸ ਦੀਆਂ ਧਾਰਾਵਾਂ 299 ਅਤੇ 191 ਦੇ ਤਹਿਤ ਨਾਮਜ਼ਦ ਕੀਤਾ ਗਿਆ ਸੀ। ਇਹ ਕਥਿਤ ਘਟਨਾ 13 ਅਤੇ 14 ਮਾਰਚ ਦੀ ਦਰਮਿਆਨੀ ਰਾਤ ਨੂੰ ਵਾਪਰੀ ਸੀ, ਜਦੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦਾ ਪੁੱਤਰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੋਲ ਸੜਕ ਕਿਨਾਰੇ ਸਥਿਤ ਇੱਕ ਢਾਬੇ 'ਤੇ ਸਨ।
 

ਪਰਿਵਾਰ ਨੇ ਦਾਅਵਾ ਕੀਤਾ ਕਿ ਜਦੋਂ ਉਹ ਆਪਣੀ ਕਾਰ ਦੇ ਬਾਹਰ ਖੜ੍ਹੇ ਖਾਣਾ ਖਾ ਰਹੇ ਸਨ, ਤਾਂ ਸਿਵਲ ਕੱਪੜਿਆਂ ਵਿੱਚ ਕੁਝ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਕੋਲ ਆ ਕੇ ਕਰਨਲ ਨੂੰ ਆਪਣੀ ਗੱਡੀ ਹਟਾਉਣ ਲਈ ਕਿਹਾ ਤਾਂ ਜੋ ਉਹ ਆਪਣੀ ਗੱਡੀ ਪਾਰਕ ਕਰ ਸਕਣ। ਬਾਅਦ ਵਿੱਚ ਇੱਕ ਦਰਜਨ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਕਥਿਤ ਤੌਰ ’ਤੇ ਰਾਡਾਂ ਅਤੇ ਡੰਡਿਆਂ ਨਾਲ ਕਰਨਲ ਅਤੇ ਉਨ੍ਹਾਂ ਦੇ ਪੁੱਤਰ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ।