ਸਿੱਖਿਆ ਖੇਤਰ ਵਿੱਚ ਮਾਨਸਾ ਦੀ ਨਵੀਂ ਉਡਾਣ, 12ਵੀਂ ਨਤੀਜਿਆਂ ਵਿੱਚ ਫਿਰ ਬਣਿਆ ਮੋਹਰੀ

ਸਿੱਖਿਆ ਖੇਤਰ ਵਿੱਚ ਮਾਨਸਾ ਦੀ ਨਵੀਂ ਉਡਾਣ, 12ਵੀਂ ਨਤੀਜਿਆਂ ਵਿੱਚ ਫਿਰ ਬਣਿਆ ਮੋਹਰੀ

ਕਦੇ ਸਿੱਖਿਆ ਦੇ ਮਾਮਲੇ ਵਿੱਚ ਪਿੱਛੜਿਆ ਮੰਨਿਆ ਜਾਣ ਵਾਲਾ ਮਾਨਸਾ ਜ਼ਿਲ੍ਹਾ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਲਗਾਤਾਰ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾ ਰਿਹਾ ਹੈ। ਪਿਛਲੇ ਕੁਝ ਸਾਲਾਂ ਤੋਂ ਇੱਥੋਂ ਦੀਆਂ ਵਿਦਿਆਰਥਣਾਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਵੇਂ ਰਿਕਾਰਡ ਬਣਾਉਂਦੀਆਂ ਆ ਰਹੀਆਂ ਹਨ। ਇਸ ਵਾਰ ਗੁਰੂਕੁਲ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਉਭਾ ਦੀ 16 ਸਾਲਾ ਵਿਦਿਆਰਥਣ ਸੁਪਨੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸੁਪਨੀਤ ਕੌਰ ਨੇ 500 ਵਿੱਚੋਂ ਪੂਰੇ 500 ਅੰਕ ਪ੍ਰਾਪਤ ਕਰਕੇ ਨਾ ਸਿਰਫ਼ ਆਪਣੇ ਸਕੂਲ ਸਗੋਂ ਪੂਰੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਮਾਨਸਾ ਜ਼ਿਲ੍ਹੇ ਦੀਆਂ ਵਿਦਿਆਰਥਣਾਂ ਦਾ ਇਹ ਸ਼ਾਨਦਾਰ ਪ੍ਰਦਰਸ਼ਨ ਪਿਛਲੇ ਕੁਝ ਸਾਲਾਂ ਤੋਂ ਜਾਰੀ ਹੈ। ਪਿਛਲੇ ਸਾਲ ਸ਼੍ਰੀ ਤਾਰਾ ਚੰਦ ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ, ਭੀਖੀ ਦੀ ਵਿਦਿਆਰਥਣ ਅਰਸ਼ ਨੇ 500 ਵਿੱਚੋਂ 498 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚ ਤੀਜਾ ਸਥਾਨ ਹਾਸਲ ਕੀਤਾ ਸੀ। ਇਸ ਤੋਂ ਪਹਿਲਾਂ ਸਾਲ 2023 ਵਿੱਚ ਦਸ਼ਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਸਰਦੂਲਗੜ੍ਹ ਦੀ ਵਿਦਿਆਰਥਣ ਸੁਜਾਨ ਕੌਰ ਨੇ ਵੀ 500 ਵਿੱਚੋਂ ਪੂਰੇ 500 ਅੰਕ ਹਾਸਲ ਕਰਕੇ ਪੰਜਾਬ ਭਰ ਵਿੱਚ ਮੋਹਰੀ ਸਥਾਨ ਪ੍ਰਾਪਤ ਕੀਤਾ ਸੀ। ਮਾਨਸਾ ਦੇ ਡਿਪਟੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਪਰਮਜੀਤ ਸਿੰਘ ਨੇ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੇ ਸਹਿਯੋਗ ਕਾਰਨ ਇਹ ਸਫਲਤਾ ਸੰਭਵ ਹੋਈ ਹੈ। ਉੱਥੇ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੀਲਮ ਰਾਣੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਨਸਾ ਜ਼ਿਲ੍ਹਾ ਸਿੱਖਿਆ ਖੇਤਰ ਵਿੱਚ ਨਵੀਆਂ ਉਚਾਈਆਂ ਛੂਹ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਪਨੀਤ ਕੌਰ ਨੂੰ ਇਸ ਵਿਸ਼ੇਸ਼ ਉਪਲਬਧੀ ਲਈ ਸਨਮਾਨਿਤ ਕਰਨ ਵਾਸਤੇ ਚੰਡੀਗੜ੍ਹ ਸੱਦਾ ਦਿੱਤਾ ਹੈ।