Daily Suraj

ਪੰਜਾਬੀ

ਨੋਇਡਾ ਦੀ ਰਿਹਾਇਸ਼ੀ ਇਮਾਰਤ 'ਚ ਚਾਰਜ ਹੋ ਰਹੇ EV ਸਕੂਟਰ ਨੂੰ ਲੱਗੀ ਅੱਗ, ਦਮ ਘੁੱਟਣ ਨਾਲ 2 ਦੀ ਮੌਤ

15 Jul, 2026 04:29 PM

ਨੋਇਡਾ ਦੇ ਸੈਕਟਰ-66 ਸਥਿਤ ਮਾਮੂਰਾ ਪਿੰਡ ਵਿੱਚ ਬੁੱਧਵਾਰ ਨੂੰ ਇੱਕ ਦਰਦਨਾਕ ਅੱਗ ਹਾਦਸਾ ਵਾਪਰਿਆ। ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ਦੇ ਪਾਰਕਿੰਗ ਖੇਤਰ ਵਿੱਚ ਚਾਰਜ ਹੋ ਰਹੇ ਇੱਕ ਇਲੈਕਟ੍ਰਿਕ ਸਕੂਟਰ (EV) ਨੂੰ ਕਥਿਤ ਤੌਰ 'ਤੇ ਅੱਗ ਲੱਗ ਗਈ, ਜਿਸ ਕਾਰਨ ਦੋ ਲੋਕਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਇਸ ਘਟਨਾ ਦੌਰਾਨ ਇਮਾਰਤ ਵਿੱਚ ਰਹਿ ਰਹੇ 100 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਹ ਘਟਨਾ ਫੇਜ਼-3 ਪੁਲੀਸ ਥਾਣਾ ਖੇਤਰ ਅਧੀਨ ਮਾਮੂਰਾ ਦੀ ਗਲੀ ਨੰਬਰ-2 ਵਿੱਚ ਵਾਪਰੀ। ਜਾਣਕਾਰੀ ਅਨੁਸਾਰ ਅੱਗ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਉਸ ਸਮੇਂ ਲੱਗੀ, ਜਦੋਂ ਇੱਕ ਇਲੈਕਟ੍ਰਿਕ ਸਕੂਟਰ ਚਾਰਜ ਹੋ ਰਿਹਾ ਸੀ। ਪੁਲੀਸ ਮੁਤਾਬਕ ਕਥਿਤ ਤੌਰ 'ਤੇ ਇੱਕ ਚੰਗਿਆੜੀ ਨਿਕਲਣ ਤੋਂ ਬਾਅਦ ਸਕੂਟਰ ਨੂੰ ਅੱਗ ਲੱਗੀ, ਜੋ ਕੁਝ ਹੀ ਸਮੇਂ ਵਿੱਚ ਪਾਰਕਿੰਗ ਵਿੱਚ ਖੜ੍ਹੇ ਹੋਰ ਪੈਟਰੋਲ ਵਾਲੇ ਵਾਹਨਾਂ ਤੱਕ ਫੈਲ ਗਈ। ਅੱਗ ਭੜਕਣ ਨਾਲ ਸੰਘਣਾ ਧੂੰਆਂ ਤੇਜ਼ੀ ਨਾਲ ਇਮਾਰਤ ਦੀਆਂ ਉੱਪਰਲੀਆਂ ਮੰਜ਼ਿਲਾਂ ਤੱਕ ਪਹੁੰਚ ਗਿਆ ਅਤੇ ਘਰਾਂ ਦੇ ਅੰਦਰ ਫੈਲ ਗਿਆ। ਉਸ ਵੇਲੇ ਇਮਾਰਤ ਵਿੱਚ ਕਰੀਬ 50 ਪਰਿਵਾਰ ਰਹਿ ਰਹੇ ਸਨ, ਜਿਸ ਕਾਰਨ ਕਈ ਲੋਕ ਆਪਣੇ ਘਰਾਂ ਵਿੱਚ ਹੀ ਫਸ ਗਏ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ, ਪੁਲੀਸ ਅਤੇ ਸਥਾਨਕ ਲੋਕਾਂ ਨੇ ਸਾਂਝੇ ਤੌਰ 'ਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਨੋਇਡਾ ਪੁਲੀਸ ਅਧਿਕਾਰੀਆਂ ਅਨੁਸਾਰ ਐਮਰਜੈਂਸੀ ਟੀਮਾਂ ਨੇ 100 ਤੋਂ ਵੱਧ ਵਸਨੀਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਉੱਪਰਲੀਆਂ ਮੰਜ਼ਿਲਾਂ 'ਤੇ ਫਸੇ ਲੋਕਾਂ ਤੱਕ ਪਹੁੰਚਣ ਲਈ ਬਚਾਅ ਕਰਮਚਾਰੀਆਂ ਨੇ ਨਾਲ ਲੱਗਦੀ ਇਮਾਰਤ ਤੋਂ ਪੌੜੀਆਂ ਦੀ ਵਰਤੋਂ ਕੀਤੀ। ਧੂੰਏਂ ਕਾਰਨ ਇੱਕ 26 ਸਾਲਾ ਔਰਤ ਅਤੇ ਇੱਕ ਪੁਰਸ਼ ਦੀ ਹਾਲਤ ਗੰਭੀਰ ਹੋ ਗਈ। ਦੋਵਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਇਲਾਵਾ ਦੋ ਹੋਰ ਵਿਅਕਤੀ ਅੱਗ ਨਾਲ ਝੁਲਸ ਗਏ, ਜਿਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਜਾਰੀ ਹੈ। ਇਸ ਘਟਨਾ ਦਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਨੋਟਿਸ ਲਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ 'ਤੇ ਪਹੁੰਚ ਕੇ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ, ਜ਼ਖਮੀਆਂ ਦੇ ਬਿਹਤਰ ਇਲਾਜ ਨੂੰ ਯਕੀਨੀ ਬਣਾਉਣ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ।

Posted By: Daily Suraj Bureau

Latest News