ਇਫਟੂ ਨੇ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਐੱਸਐੱਸਪੀ ਦਫਤਰ ਮੂਹਰੇ ਲਾਇਆ ਧਰਨਾ

ਇਫਟੂ ਨੇ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਐੱਸਐੱਸਪੀ ਦਫਤਰ ਮੂਹਰੇ ਲਾਇਆ ਧਰਨਾ

ਗੁਰਦਾਸਪੁਰ: ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਦੀ ਅਗਵਾਈ ਵਿੱਚ ਤਾਰਾ ਚੰਦ ਅਤੇ ਉਸਦੇ ਪਰਿਵਾਰ ਖਿਲਾਫ ਦਾਜ ਦਾ ਪਰਚਾ ਦਰਜ ਕਰਵਾਉਣ ਅਤੇ ਜੋਗਿੰਦਰ ਪਾਲ ਘੁਰਾਲਾ ਸਮੇਤ ਹੋਰਨਾਂ ਵਿਅਕਤੀਆਂ ਖਿਲਾਫ ਹੋਏ ਝੂਠੇ ਪਰਚੇ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਐੱਸਐੱਸਪੀ ਦਫਤਰ ਗੁਰਦਾਸਪੁਰ ਅੱਗੇ ਧਰਨਾ ਲਗਾਇਆ ਗਿਆ। ਇਸ ਤੋਂ ਪਹਿਲਾਂ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਰੋਸ ਰੈਲੀ ਕਰਨ ਉਪਰੰਤ ਐਸਐਸ ਪੀ ਦਫਤਰ ਤੱਕ ਰੋਸ ਮਾਰਚ ਕੀਤਾ ਗਿਆ। ਜਿਸ ਤੋਂ ਬਾਅਦ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ਸਬੰਧੀ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਦਾਸਪੁਰ ਪੁਲਿਸ ਪ੍ਰਸ਼ਾਸਨ ਦਾ ਰਵੱਇਆ ਇਸ ਮਾਮਲੇ ਵਿੱਚ ਬੇਹੱਦ ਪੱਖਪਾਤ ਵਾਲਾ ਰਿਹਾ। ਜਿਸ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਮਿਲਣ ਦੀ ਬਜਾਏ ਝੂਠੇ ਪਰਚੇ ਵਿੱਚ ਨਾਮਜ਼ਦ ਕੀਤਾ ਗਿਆ। ਪਰਚੇ ਨੂੰ ਰੱਦ ਕਰਵਾਉਣ ਅਤੇ ਤਾਰਾ ਚੰਦ ਅਤੇ ਉਸਦੇ ਪਰਿਵਾਰ ਖਿਲਾਫ ਦਾਜ ਦਾ ਪਰਚਾ ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ 11 ਨਵੰਬਰ ਨੂੰ ਇਸ ਤੋਂ ਪਹਿਲਾਂ ਵੀ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਵਿੱਚ ਡੀਐਸਪੀ ਸਿਟੀ ਅਤੇ ਐੱਸਐੱਚਓ ਸਿਟੀ ਵੱਲੋਂ ਮੁਲਜ਼ਮਾਂ ਖਿਲਾਫ ਕਾਰਵਾਈ ਕਰਨ ਅਤੇ ਜੋਗਿੰਦਰ ਪਾਲ ਖਿਲਾਫ ਦਰਜ ਪਰਚੇ ਨੂੰ ਰੱਦ ਕਰਨ ਦਾ ਭਰੋਸਾ ਦਵਾਇਆ ਗਿਆ ਸੀ ਪਰੰਤੂ ਦੋ ਮਹੀਨੇ ਬੀਤ ਜਾਣ ਉਪਰੰਤ ਵੀ ਪੁਲਿਸ ਦੀ ਕਾਰਵਾਈ ਇਸ ਮਾਮਲੇ ਵਿੱਚ ਢਿੱਲੀ ਰਹੀ। ਜਿਸ ਦੇ ਰੋਸ ਵਜੋਂ ਐੱਸਐੱਸਪੀ ਦਫ਼ਤਰ ਮੂਹਰੇ ਧਰਨਾ ਲਗਾਇਆ ਗਿਆ। ਰੋਸ ਪ੍ਰਦਰਸ਼ਨ ਕਰ ਰਹੇ ਧਰਨਾਕਾਰੀਆਂ ਦੀ ਉਸ ਸਮੇਂ ਅੰਸ਼ਕ ਜਿੱਤ ਹੋਈ ਜਦੋਂ ਐੱਸਪੀ ਹੈਡਕੁਆਰਟਰ ਜੁਗਰਾਜ ਸਿੰਘ ਵੱਲੋਂ ਧਰਨੇ ਵਿੱਚ ਆ ਕੇ ਜੋਗਿੰਦਰ ਪਾਲ ਘੁਰਾਲਾ ਅਤੇ ਹੋਰਨਾਂ ਵਿਅਕਤੀਆਂ ਖਿਲਾਫ ਦਰਜ ਹੋਏ ਪਰਚੇ ਦੀ ਕੈਂਸਲੇਸ਼ਨ ਰਿਪੋਰਟ ਆਗੂਆਂ ਨੂੰ ਸੌਂਪੀ ਅਤੇ ਤਾਰਾ ਚੰਦ ਤੇ ਉਸਦੇ ਪਰਿਵਾਰ ਖਿਲਾਫ ਦਾਜ ਦਾ ਪਰਚਾ ਦਰਜ ਕਰਨ ਲਈ 15 ਜਨਵਰੀ ਤੱਕ ਦਾ ਸਮਾਂ ਮੰਗਿਆ। ਐੱਸਪੀ ਹੈਡ ਕੁਆਰਟਰ ਵੱਲੋਂ ਧਰਨੇ ਵਿੱਚ ਆ ਕੇ ਭਰੋਸਾ ਦਵਾਇਆ ਗਿਆ ਕਿ 15 ਜਨਵਰੀ ਤੱਕ ਤਾਰਾ ਚੰਦ ਤੇ ਉਸਦੇ ਪਰਿਵਾਰ ਖਿਲਾਫ ਦਾਜ ਦਾ ਪਰਚਾ ਦਰਜ ਕੀਤਾ ਜਾਵੇਗਾ। ਇਸ ਮੌਕੇ ਆਗੂਆਂ ਨੇ ਐਲਾਨ ਕਰਦਿਆਂ ਕਿਹਾ ਕਿ ਅਗਰ 15 ਜਨਵਰੀ ਤੱਕ ਮੁਲਜ਼ਮਾਂ ਉੱਪਰ ਦਾਜ ਦਾ ਪਰਚਾ ਦਰਜ ਨਹੀਂ ਹੁੰਦਾ ਤਾਂ ਉਹ 17 ਜਨਵਰੀ ਨੂੰ ਜਨਤਕ ਜਥੇਬੰਦੀਆਂ ਦੀ ਮੀਟਿੰਗ ਕਰਕੇ ਸੰਘਰਸ਼ ਦੇ ਅਗਲੇ ਰੂਪ ਦਾ ਐਲਾਨ ਕਰਨਗੇ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ, ਰਾਮ ਲਾਲ ਖੋਜੇਪੁਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ, ਰੂਪ ਲਾਲ ਮੁਸਤਫਾਬਾਦ, ਮੇਜਰ ਸਿੰਘ ਕੋਟ ਟੋਡਰ ਮੱਲ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਚ ਸਕੱਤਰ ਜੋਗਿੰਦਰਪਾਲ ਪਨਿਆੜ, ਦਫਤਰ ਸਕੱਤਰ ਜੋਗਿੰਦਰ ਪਾਲ ਘੁਰਾਲਾ ਸੁਰਿੰਦਰ ਪਾਲ ਰਾਮ ਨਗਰ ਜਤਿੰਦਰ ਬਿੱਟੂ ਇਸੇਪੁਰ, ਜੋਤੀ ਲਾਲ ਪਾਹੜਾ, ਏਟਕ ਦੇ ਆਗੂ ਸੁਭਾਸ਼ ਕੈਰੇ, ਖੇਤ ਮਜ਼ਦੂਰ ਯੂਨੀਅਨ ਦੇ ਬਲਬੀਰ ਸਿੰਘ ਮੱਲੀ, ਡੈਮੋਕਰੇਟਿਕ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਅਮਰਜੀਤ ਸ਼ਾਸਤਰੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਅਮਰ ਕ੍ਰਾਂਤੀ ਨੇ ਸੰਬੋਧਨ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਕ੍ਰਮਵਾਰ ਗੁਰਮੀਤ ਰਾਜ ਪਾਹੜਾ ਅਤੇ ਸੁਖਦੇਵ ਰਾਜ ਬਹਿਰਾਮਪੁਰ ਨੇ ਨਿਭਾਈ।