ਪਾਕਿਸਤਾਨ ਵਿੱਚ ਹਿੰਸਕ ਹਮਲਾ, ਪੁਲਿਸ ਵੈਨ ’ਤੇ ਗੋਲਾਬਾਰੀ ਅਤੇ ਧਮਾਕਾ
- ਵਿਦੇਸ਼
- (Asia/Kolkata)
ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਸੂਬੇ ਵਿੱਚ ਸੋਮਵਾਰ ਨੂੰ ਇੱਕ ਤਾਰਗੇਟਡ ਬੰਬ ਧਮਾਕੇ ਵਿੱਚ ਪੁਲਿਸ ਦੇ ਬਖ਼ਤਰਬੰਦ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਸੱਤ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਟੈਂਕ ਜ਼ਿਲ੍ਹੇ ਵਿੱਚ ਗਸ਼ਤ ਕਰ ਰਹੀ ਪੁਲਿਸ ਵੈਨ ਨੂੰ IED ਨਾਲ ਨਿਸ਼ਾਨਾ ਬਣਾਉਂਦੇ ਹੋਏ ਦਿਖਾਇਆ ਗਿਆ ਹੈ। ਧਮਾਕੇ ਤੋਂ ਬਾਅਦ ਆਤੰਕੀਆਂ ਨੇ ਸੜਕ ‘ਤੇ ਡਿੱਗੇ ਪੁਲਿਸ ਕਰਮਚਾਰੀਆਂ ’ਤੇ ਤਾਬੜਤੋੜ ਗੋਲਾਬਾਰੀ ਕੀਤੀ। ਸੜਕ ਦੇ ਕਿਨਾਰੇ ਉਲਟੀ ਹੋਈ ਪੁਲਿਸ ਵੈਨ ਅਤੇ ਤਬਾਹ ਹੋਇਆ ਮਲਬਾ ਵੀ ਸਾਫ਼ ਨਜ਼ਰ ਆ ਰਿਹਾ ਹੈ। ਟੈਂਕ ਦੇ ਡਿਪਟੀ ਪੁਲਿਸ ਚੀਫ਼ ਪਰਵੇਜ਼ ਸ਼ਾਹ ਦੇ ਅਨੁਸਾਰ, ਧਮਾਕੇ ਵਿੱਚ ਪੰਜ ਕਰਮਚਾਰੀ ਮੌਕੇ ’ਤੇ ਹੀ ਮਾਰੇ ਗਏ, ਜਦਕਿ ਦੋ ਹੋਰ ਹਸਪਤਾਲ ਵਿੱਚ ਦਮ ਤੋੜ ਬੈਠੇ। ਮਾਰੇ ਗਏ ਪੁਲਿਸ ਕਰਮਚਾਰੀਆਂ ਵਿੱਚ ਇੱਕ ਸਟੇਸ਼ਨ ਹਾਊਸ ਅਫ਼ਸਰ (SHO), ਇੱਕ ਸਬ-ਇੰਸਪੈਕਟਰ, ਤਿੰਨ ਐਲੀਟ ਫੋਰਸ ਜਵਾਨ ਅਤੇ ਇੱਕ ਡਰਾਈਵਰ ਸ਼ਾਮਲ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਸਾਡੇ ਬਹਾਦੁਰ ਪੁਲਿਸਕਰਮੀਆਂ ਨੇ ਦੇਸ਼ ਦੇ ਸ਼ਾਂਤਮਈ ਭਵਿੱਖ ਲਈ ਆਪਣੀ ਜਾਨ ਕੁਰਬਾਨ ਕੀਤੀ। ਪੁਲਿਸ ਨੇ ਮਾਮਲੇ ਦੀ ਜਾਂਚ ਜਾਰੀ ਰੱਖੀ ਹੈ ਅਤੇ ਇਲਾਕੇ ਵਿੱਚ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ। ਇਸ ਹਮਲੇ ਨੇ ਦੇਸ਼ ਵਿੱਚ ਸੁਰੱਖਿਆ ਹਾਲਾਤਾਂ 'ਤੇ ਇੱਕ ਵਾਰ ਫਿਰ ਗੰਭੀਰ ਚਿੰਤਾ ਖੜ੍ਹੀ ਕਰ ਦਿੱਤੀ ਹੈ।
Leave a Reply