ਮਹਿਲਾ ਏਸ਼ੀਆ ਕੱਪ 'ਚ ਭਾਰਤ ਦਾ ਦਬਦਬਾ: 8ਵੀਂ ਵਾਰ ਬਣਿਆ ਚੈਂਪੀਅਨ, ਪਰ ਏਸੀਸੀ ਪ੍ਰਧਾਨ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਕੀਤਾ ਇਨਕਾਰ

ਮਹਿਲਾ ਏਸ਼ੀਆ ਕੱਪ 'ਚ ਭਾਰਤ ਦਾ ਦਬਦਬਾ: 8ਵੀਂ ਵਾਰ ਬਣਿਆ ਚੈਂਪੀਅਨ, ਪਰ ਏਸੀਸੀ ਪ੍ਰਧਾਨ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਕੀਤਾ ਇਨਕਾਰ

ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਕਰਾਰੀ ਮਾਤ ਦੇ ਕੇ ਰਿਕਾਰਡ ਅੱਠਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਖਿਤਾਬੀ ਜਿੱਤ ਤੋਂ ਬਾਅਦ ਇੱਕ ਵੱਡਾ ਵਿਵਾਦ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਭਾਰਤੀ ਟੀਮ ਨੇ ਏਸ਼ੀਅਨ ਕ੍ਰਿਕਟ ਕੌਂਸਲ (ACC) ਦੇ ਪ੍ਰਧਾਨ ਅਤੇ ਪਾਕਿਸਤਾਨ ਦੇ ਸੰਘੀ ਗ੍ਰਹਿ ਮੰਤਰੀ ਮੋਹਸਿਨ ਨਕਵੀ ਤੋਂ ਟਰਾਫੀ ਪ੍ਰਾਪਤ ਕਰਨ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ। ਪੁਰਸ਼ ਟੀਮ ਦੇ ਪ੍ਰੋਟੋਕੋਲ ਦੀ ਕੀਤੀ ਪਾਲਣਾ:ਇਹ ਘਟਨਾਕ੍ਰਮ ਸਾਲ 2025 ਵਿੱਚ ਖੇਡੇ ਗਏ ਪੁਰਸ਼ ਟੀ-20 ਏਸ਼ੀਆ ਕੱਪ ਦੀ ਯਾਦ ਦਿਵਾਉਂਦਾ ਹੈ। ਉਸ ਸਮੇਂ ਵੀ ਭਾਰਤੀ ਪੁਰਸ਼ ਕ੍ਰਿਕਟ ਟੀਮ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਏਸੀਸੀ ਪ੍ਰਧਾਨ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਸੇ ਪ੍ਰੋਟੋਕੋਲ ਦਾ ਪਾਲਣ ਕਰਦਿਆਂ 'ਵੂਮੈਨ ਇਨ ਬਲੂ' ਵੀ ਨਕਵੀ ਤੋਂ ਟਰਾਫੀ ਲੈਣ ਲਈ ਮੰਚ 'ਤੇ ਨਹੀਂ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਇਸ ਵਿਵਾਦ ਕਾਰਨ ਮੈਚ ਤੋਂ ਬਾਅਦ ਲਗਭਗ ਇੱਕ ਘੰਟੇ ਤੱਕ ਗਤੀਰੋਧ ਬਣਿਆ ਰਿਹਾ। ਇਸ ਤੋਂ ਬਾਅਦ ਨਕਵੀ ਨੇ ਪੁਰਸ਼ ਏਸ਼ੀਆ ਕੱਪ ਦੀ ਟਰਾਫੀ ਨੂੰ ਸਟੇਡੀਅਮ ਤੋਂ ਹਟਾਉਣ ਦੇ ਹੁਕਮ ਦਿੱਤੇ। ਭਾਰਤੀ ਕਪਤਾਨ ਸੂਰਿਆਕੁਮਾਰ ਨੇ ਟਰਾਫੀ ਪ੍ਰਾਪਤ ਕਰਨ ਦਾ ਮਜ਼ਾਕੀਆ ਅੰਦਾਜ਼ ਦਿਖਾਉਂਦੇ ਹੋਏ ਆਪਣੇ ਸਾਥੀ ਖਿਡਾਰੀਆਂ ਨਾਲ ਜਸ਼ਨ ਮਨਾਇਆ। ਭਾਰਤੀ ਟੀਮ ਬਿਨਾਂ ਟਰਾਫੀ ਲਏ ਹੀ ਵਾਪਸ ਪਰਤ ਗਈ। ਜਾਣਕਾਰੀ ਮੁਤਾਬਕ ਬੀਸੀਸੀਆਈ (BCCI) ਨੇ ਟਰਾਫੀ ਸੌਂਪਣ ਲਈ ਨਕਵੀ ਨੂੰ ਪੱਤਰ ਵੀ ਲਿਖਿਆ ਸੀ, ਪਰ ਚੈਂਪੀਅਨ ਬਣਨ ਦੇ ਬਾਵਜੂਦ ਟੀਮ ਨੂੰ ਟਰਾਫੀ ਨਹੀਂ ਦਿੱਤੀ ਗਈ। ਪੁਰਸਕਾਰ ਵੰਡ ਸਮਾਰੋਹ ਦੌਰਾਨ ਘਟਨਾਕ੍ਰਮ:ਪੁਰਸਕਾਰ ਵੰਡ ਸਮਾਰੋਹ ਦੌਰਾਨ ਬੀਸੀਸੀਆਈ (BCCI) ਦੇ ਸਕੱਤਰ ਦੇਵਾਜੀਤ ਸੈਕੀਆ ਅਤੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਨੰਦਨੀ ਸ਼ਰਮਾ ਨੂੰ ਫੀਲਡਿੰਗ ਮੈਡਲ ਨਾਲ ਸਨਮਾਨਿਤ ਕੀਤਾ। ਦੇਵਾਜੀਤ ਸੈਕੀਆ ਨੇ ਭਾਰਤੀ ਖਿਡਾਰਨਾਂ ਨੂੰ ਸੰਬੋਧਨ ਕਰਦਿਆਂ ਜਿੱਤ ਦੀ ਵਧਾਈ ਦਿੱਤੀ। ਹਾਲਾਂਕਿ, ਜਦੋਂ ਏਸੀਸੀ ਪ੍ਰਧਾਨ ਵੱਲੋਂ ਟਰਾਫੀ ਦਿੱਤੇ ਜਾਣ ਦੀ ਵਾਰੀ ਆਈ ਤਾਂ ਭਾਰਤੀ ਟੀਮ ਮੰਚ 'ਤੇ ਨਹੀਂ ਆਈ। ਮੈਚ ਦਾ ਹਾਲ: ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ:ਮੈਚ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿਭਾਗਾਂ ਵਿੱਚ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 5 ਵਿਕਟਾਂ ਦੇ ਨੁਕਸਾਨ 'ਤੇ 183 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਸਲਾਮੀ ਬੱਲੇਬਾਜ਼ ਸ਼ਫਾਲੀ ਵਰਮਾ (68 ਦੌੜਾਂ) ਅਤੇ ਸਮ੍ਰਿਤੀ ਮੰਧਾਨਾ (59 ਦੌੜਾਂ) ਨੇ ਪਹਿਲੀ ਵਿਕਟ ਲਈ 129 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕਰਕੇ ਟੀਮ ਨੂੰ ਇੱਕ ਵਿਸ਼ਾਲ ਸਕੋਰ ਵੱਲ ਤੋਰਿਆ। 184 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਸ਼੍ਰੀਲੰਕਾਈ ਟੀਮ ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅੱਗੇ ਟਿਕ ਨਹੀਂ ਸਕੀ। ਗੇਂਦਬਾਜ਼ੀ ਵਿੱਚ ਸ਼੍ਰੀ ਚਰਾਨੀ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ 4 ਵਿਕਟਾਂ ਹਾਸਲ ਕੀਤੀਆਂ, ਜਦਕਿ ਦੀਪਤੀ ਸ਼ਰਮਾ ਨੇ 3 ਵਿਕਟਾਂ ਲੈ ਕੇ ਸ਼੍ਰੀਲੰਕਾ ਦੀ ਬੱਲੇਬਾਜ਼ੀ ਲਾਈਨਅੱਪ ਨੂੰ ਢਹਿ-ਢੇਰੀ ਕਰ ਦਿੱਤਾ ਅਤੇ ਭਾਰਤ ਨੂੰ 72 ਦੌੜਾਂ ਨਾਲ ਇੱਕ ਇਤਿਹਾਸਕ ਜਿੱਤ ਦਿਵਾਈ।