ਜੋਹਾਨਸਬਰਗ ਅਤੇ ਕੇਪ ਟਾਊਨ ਨੇੜੇ ਖੂਨੀ ਹਮਲੇ, 27 ਮੌਤਾਂ ਨਾਲ ਦੱਖਣੀ ਅਫ਼ਰੀਕਾ ਹਿਲਿਆ

ਜੋਹਾਨਸਬਰਗ ਅਤੇ ਕੇਪ ਟਾਊਨ ਨੇੜੇ ਖੂਨੀ ਹਮਲੇ, 27 ਮੌਤਾਂ ਨਾਲ ਦੱਖਣੀ ਅਫ਼ਰੀਕਾ ਹਿਲਿਆ

ਦੱਖਣੀ ਅਫ਼ਰੀਕਾ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ ਦੇ ਨੇੜੇ ਵਾਪਰੀਆਂ ਦੋ ਵੱਖ-ਵੱਖ ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਪੁਲੀਸ ਦੋਵਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਅਤੇ ਹਮਲਾਵਰਾਂ ਦੀ ਭਾਲ ਜਾਰੀ ਹੈ।
ਦੱਖਣੀ ਅਫ਼ਰੀਕੀ ਪੁਲੀਸ ਸੇਵਾ ਮੁਤਾਬਕ, ਸ਼ਨਿੱਚਰਵਾਰ ਰਾਤ ਜੋਹਾਨਸਬਰਗ ਦੇ ਦੱਖਣ-ਪੱਛਮ ਵਿੱਚ ਸਥਿਤ ਵੇਡੇਲਾ ਬਸਤੀ ਦੇ ਇੱਕ ਬਾਰ ਵਿੱਚ ਅੱਠ ਸ਼ੱਕੀ ਹਥਿਆਰਬੰਦ ਵਿਅਕਤੀਆਂ ਨੇ ਗੋਲੀਬਾਰੀ ਕੀਤੀ। ਪੁਲੀਸ ਨੇ ਦੱਸਿਆ ਕਿ ਹਮਲਾਵਰ ਏਕੇ-47 ਰਾਈਫਲਾਂ ਅਤੇ ਪਿਸਤੌਲਾਂ ਨਾਲ ਲੈਸ ਸਨ।
ਇਸ ਹਮਲੇ ਵਿੱਚ 17 ਲੋਕ ਮਾਰੇ ਗਏ, ਜਦਕਿ ਘੱਟੋ-ਘੱਟ 15 ਹੋਰ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋਏ। ਘਟਨਾ ਮਗਰੋਂ ਪੁਲੀਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸ਼ੱਕੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਇੱਕ ਹੋਰ ਘਟਨਾ ਵਿੱਚ ਐਤਵਾਰ ਸਵੇਰੇ ਕਰੀਬ 1 ਵਜੇ ਕੇਪ ਟਾਊਨ ਨੇੜੇ ਲਵਾਂਡਲੇ ਖੇਤਰ ਦੇ ਇੱਕ ਸਟੋਰ ਵਿੱਚ ਸਮੂਹਿਕ ਗੋਲੀਬਾਰੀ ਹੋਈ। ਇਸ ਹਮਲੇ ਵਿੱਚ 10 ਲੋਕਾਂ ਦੀ ਮੌਤ ਹੋ ਗਈ, ਜਦਕਿ 11 ਹੋਰ ਜ਼ਖ਼ਮੀ ਹੋਏ।
ਪੁਲੀਸ ਨੇ ਇੱਕ ਵੱਖਰੇ ਬਿਆਨ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਵੀ ਕਈ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ, ਉਨ੍ਹਾਂ ਦੀ ਗਿਣਤੀ ਬਾਰੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ।
ਇਹ ਦੋਵੇਂ ਘਟਨਾਵਾਂ ਕੁਝ ਦਿਨ ਪਹਿਲਾਂ ਪੂਰਬੀ ਤੱਟੀ ਸ਼ਹਿਰ ਡਰਬਨ ਨੇੜੇ ਵਾਪਰੀ ਇੱਕ ਹੋਰ ਸਮੂਹਿਕ ਗੋਲੀਬਾਰੀ ਤੋਂ ਬਾਅਦ ਸਾਹਮਣੇ ਆਈਆਂ ਹਨ। ਉਸ ਮਾਮਲੇ ਵਿੱਚ ਇੱਕ ਘਰ ਵਿੱਚ ਚੱਲ ਰਹੀ ਪਾਰਟੀ ਦੌਰਾਨ ਤਿੰਨ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ ਸੀ, ਜਿਸ ਵਿੱਚ ਇੱਕ ਗਰਭਵਤੀ ਔਰਤ ਸਮੇਤ 11 ਲੋਕ ਮਾਰੇ ਗਏ ਸਨ।ਪੁਲੀਸ ਨੇ ਦੱਸਿਆ ਕਿ ਤਾਜ਼ਾ ਦੋਵਾਂ ਸਮੂਹਿਕ ਗੋਲੀਬਾਰੀ ਮਾਮਲਿਆਂ ਵਿੱਚ ਹੁਣ ਤੱਕ ਕਿਸੇ ਵੀ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਦੱਖਣੀ ਅਫ਼ਰੀਕਾ ਕਈ ਸਾਲਾਂ ਤੋਂ ਹਿੰਸਕ ਅਪਰਾਧਾਂ ਦੀ ਉੱਚ ਦਰ ਨਾਲ ਜੂਝ ਰਿਹਾ ਹੈ। ਹਾਲਾਂਕਿ, ਇਸ ਹਫ਼ਤੇ ਵਾਪਰੀਆਂ ਲਗਾਤਾਰ ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਨੇ ਦੇਸ਼ ਭਰ ਵਿੱਚ ਚਿੰਤਾ ਵਧਾ ਦਿੱਤੀ ਹੈ। ਇਹ ਘਟਨਾਵਾਂ ਉਸ ਦੇਸ਼ ਨੂੰ ਵੀ ਹੈਰਾਨ ਕਰ ਰਹੀਆਂ ਹਨ ਜੋ ਪਹਿਲਾਂ ਹੀ ਦੁਨੀਆ ਵਿੱਚ ਸਭ ਤੋਂ ਉੱਚੀਆਂ ਹਿੰਸਕ ਅਪਰਾਧ ਦਰਾਂ ਵਾਲੇ ਦੇਸ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।