ਡਿਜੀਟਲ ਸੁਧਾਰਾਂ ਵੱਲ ਕਦਮ, ਪੰਜਾਬ ਵਿੱਚ ਘਟੇ ਡਾਕਘਰਾਂ ਦੀ ਗਿਣਤੀ

ਡਿਜੀਟਲ ਸੁਧਾਰਾਂ ਵੱਲ ਕਦਮ, ਪੰਜਾਬ ਵਿੱਚ ਘਟੇ ਡਾਕਘਰਾਂ ਦੀ ਗਿਣਤੀ

ਪੰਜਾਬ ਵਿੱਚ ਪਿਛਲੇ 11 ਸਾਲਾਂ ਦੌਰਾਨ ਕੁੱਲ 53 ਡਾਕਘਰਾਂ ਨੂੰ ਜਾਂ ਤਾਂ ਬੰਦ ਕਰ ਦਿੱਤਾ ਗਿਆ ਹੈ ਜਾਂ ਉਨ੍ਹਾਂ ਦਾ ਰਲੇਵਾਂ ਕੀਤਾ ਗਿਆ ਹੈ। ਇਹ ਕਾਰਵਾਈ ਸੰਚਾਰ ਮੰਤਰਾਲੇ ਦੇ ਡਾਕ ਵਿਭਾਗ ਵੱਲੋਂ ਦੇਸ਼ ਭਰ ਵਿੱਚ ਕੀਤੇ ਗਏ ਪੁਨਰਗਠਨ ਅਭਿਆਨ ਦਾ ਹਿੱਸਾ ਹੈ। ਉਪਲਬਧ ਜਾਣਕਾਰੀ ਅਨੁਸਾਰ, ਸਾਲ 2014 ਤੋਂ ਲੈ ਕੇ ਹੁਣ ਤੱਕ ਦੇਸ਼ ਭਰ ਵਿੱਚ 1,280 ਡਾਕਘਰਾਂ ਨੂੰ ਬੰਦ ਜਾਂ ਰਲੇਵਾਂ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 53 ਡਾਕਘਰ ਪੰਜਾਬ ਦੇ ਹਨ। ਇਸ ਸਮੇਂ ਦੇਸ਼ ਵਿੱਚ ਕੁੱਲ 164,999 ਡਾਕਘਰ ਕੰਮ ਕਰ ਰਹੇ ਹਨ, ਜਦਕਿ ਪੰਜਾਬ ਵਿੱਚ 3,838 ਡਾਕਘਰ ਅਜੇ ਵੀ ਸੇਵਾਵਾਂ ਦੇ ਰਹੇ ਹਨ। ਸਰਕਾਰ ਨੇ ਆਪਣੇ ਜਵਾਬ ਵਿੱਚ ਸਪੱਸ਼ਟ ਕੀਤਾ ਹੈ ਕਿ ਡਾਕਘਰਾਂ ਦੇ ਬੰਦ ਕਰਨ ਜਾਂ ਰਲੇਵੇਂ ਦੌਰਾਨ ਦੋ ਡਾਕਘਰਾਂ ਵਿਚਕਾਰ ਨਿਰਧਾਰਤ ਘੱਟੋ-ਘੱਟ ਦੂਰੀ ਦੇ ਮਾਪਦੰਡਾਂ ਦੀ ਪੂਰੀ ਪਾਲਣਾ ਕੀਤੀ ਗਈ ਹੈ। ਇਨ੍ਹਾਂ ਨਿਯਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ ਦਿੱਤੀ ਗਈ। ਸਰਕਾਰੀ ਅਧਿਕਾਰੀਆਂ ਮੁਤਾਬਕ ਇਹ ਕਦਮ ਡਾਕ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ, ਡਿਜੀਟਲ ਅਤੇ ਸਰੋਤਾਂ ਦੇ ਸੁਚੱਜੇ ਇਸਤੇਮਾਲ ਵੱਲ ਲਿਜਾਣ ਲਈ ਚੁੱਕਿਆ ਗਿਆ ਹੈ। ਦੇਸ਼ ਪੱਧਰ ’ਤੇ ਇਹ ਪੁਨਰਗਠਨ ਇੱਕ ਵੱਡਾ ਪ੍ਰਸ਼ਾਸਕੀ ਫੈਸਲਾ ਮੰਨਿਆ ਜਾ ਰਿਹਾ ਹੈ। ਅੰਕੜਿਆਂ ਅਨੁਸਾਰ ਪੰਜਾਬ ਵਿੱਚ 2014-15 ਤੋਂ 2024-25 ਤੱਕ ਵੱਖ-ਵੱਖ ਸਾਲਾਂ ਵਿੱਚ ਇਹ ਕਾਰਵਾਈ ਕੀਤੀ ਗਈ। ਇਸ ਦੌਰਾਨ 2014-15 ਵਿੱਚ 4, 2016-17 ਵਿੱਚ 1, 2018-19 ਵਿੱਚ 2, 2020-21 ਵਿੱਚ 2, 2021-22 ਵਿੱਚ 11, 2022-23 ਵਿੱਚ 25, 2023-24 ਵਿੱਚ 4 ਅਤੇ 2024-25 ਵਿੱਚ 2 ਡਾਕਘਰਾਂ ਨੂੰ ਬੰਦ ਜਾਂ ਰਲੇਵਾਂ ਕੀਤਾ ਗਿਆ।