ਫਰੀਦਕੋਟ ਅਦਾਲਤ ਵਿੱਚ ਤਣਾਅ: ਮਹਿਲਾ ਪੁਲੀਸ ਅਧਿਕਾਰੀ ਵੱਲੋਂ ਵਕੀਲਾਂ ਨੂੰ ਧਮਕੀ

ਫਰੀਦਕੋਟ ਅਦਾਲਤ ਵਿੱਚ ਤਣਾਅ: ਮਹਿਲਾ ਪੁਲੀਸ ਅਧਿਕਾਰੀ ਵੱਲੋਂ ਵਕੀਲਾਂ ਨੂੰ ਧਮਕੀ

ਫ਼ਰੀਦਕੋਟ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚ ਉਸ ਸਮੇਂ ਤਣਾਅਪੂਰਨ ਸਥਿਤੀ ਬਣ ਗਈ ਜਦੋਂ ਖੁਦਕੁਸ਼ੀ ਲਈ ਉਕਸਾਉਣ ਦੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਇੱਕ ਮਹਿਲਾ ਪੁਲੀਸ ਜਾਂਚ ਅਧਿਕਾਰੀ ਵੱਲੋਂ ਕਥਿਤ ਤੌਰ ’ਤੇ ਬਚਾਅ ਪੱਖ ਦੇ ਵਕੀਲਾਂ ਨੂੰ ਧਮਕੀ ਦਿੱਤੀ ਗਈ। ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਮਾਮਲੇ ਨੂੰ ਮੋਗਾ ਪੁਲੀਸ ਦੇ ਸੀਨੀਅਰ ਸੁਪਰਿੰਟੈਂਡੈਂਟ ਕੋਲ ਭੇਜਦਿਆਂ ਸੰਬੰਧਿਤ ਅਧਿਕਾਰੀ ਵਿਰੁੱਧ ਫੌਜਦਾਰੀ ਜਾਂ ਪ੍ਰਸ਼ਾਸਨਿਕ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਾਣਕਾਰੀ ਅਨੁਸਾਰ ਇਹ ਟਕਰਾਅ 2023 ਵਿੱਚ ਇੱਕ ਜੋੜੇ ਦੀ ਖੁਦਕੁਸ਼ੀ ਨਾਲ ਸੰਬੰਧਿਤ ਕੇਸ ਦੀ ਸੁਣਵਾਈ ਦੌਰਾਨ ਹੋਇਆ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਰਹੀ ਐਸ.ਆਈ ਜੋਗਿੰਦਰ ਕੌਰ ਅਦਾਲਤ ਵਿੱਚ ਆਪਣਾ ਬਿਆਨ ਦਰਜ ਕਰਵਾਉਣ ਲਈ ਹਾਜ਼ਰ ਹੋਈ ਸੀ। ਜਿਰ੍ਹਾ ਦੌਰਾਨ ਬਚਾਅ ਪੱਖ ਦੇ ਵਕੀਲ ਐਡਵੋਕੇਟ ਆਸ਼ੂ ਮਿੱਤਲ ਅਤੇ ਐਡਵੋਕੇਟ ਕਰਨਦੀਪ ਸਿੰਘ ਭੁੱਲਰ ਵੱਲੋਂ ਉਸ ਦੇ ਖ਼ਿਲਾਫ ਪਹਿਲਾਂ ਦਰਜ ਭ੍ਰਿਸ਼ਟਾਚਾਰ ਮਾਮਲੇ ਬਾਰੇ ਸਵਾਲ ਕੀਤੇ ਗਏ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਸਵਾਲਾਂ ਤੋਂ ਅਧਿਕਾਰੀ ਨਾਰਾਜ਼ ਹੋ ਗਈ। ਅਦਾਲਤੀ ਕਾਰਵਾਈ ਤੋਂ ਬਾਅਦ, ਜਦੋਂ ਉਹ ਕਮਰੇ ਤੋਂ ਬਾਹਰ ਨਿਕਲੀ, ਤਾਂ ਉਸ ਨੇ ਕਥਿਤ ਤੌਰ ’ਤੇ ਐਡਵੋਕੇਟ ਕਰਨਦੀਪ ਸਿੰਘ ਭੁੱਲਰ ਨੂੰ ਧਮਕੀ ਦਿੱਤੀ ਅਤੇ ਚੇਤਾਵਨੀ ਦਿੱਤੀ ਕਿ ਉਹ ਉਸ ਨੂੰ ਝੂਠੇ ਕੇਸ ਵਿੱਚ ਫਸਾ ਸਕਦੀ ਹੈ। ਇਸ ਘਟਨਾ ਦਾ ਕਾਨੂੰਨੀ ਭਾਈਚਾਰੇ ਵੱਲੋਂ ਤੁਰੰਤ ਵਿਰੋਧ ਕੀਤਾ ਗਿਆ। ਰਸਮੀ ਸ਼ਿਕਾਇਤ ਦਰਜ ਹੋਣ ਅਤੇ ਐਡਵੋਕੇਟ ਭੁੱਲਰ ਦੇ ਬਿਆਨ ਲੈਣ ਤੋਂ ਬਾਅਦ, ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਮਾਮਲੇ ਨੂੰ ਗੰਭੀਰ ਮੰਨਦਿਆਂ ਐੱਸਐੱਸਪੀ ਮੋਗਾ ਨੂੰ ਹਦਾਇਤ ਕੀਤੀ ਕਿ ਐਸ.ਆਈ ਜੋਗਿੰਦਰ ਕੌਰ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਇਸ ਦੀ ਪ੍ਰਗਤੀ ਬਾਰੇ ਅਦਾਲਤ ਨੂੰ ਜਾਣਕਾਰੀ ਦਿੱਤੀ ਜਾਵੇ। ਉਲੇਖਣਯੋਗ ਹੈ ਕਿ ਐਸ.ਆਈ ਜੋਗਿੰਦਰ ਕੌਰ ਇਸ ਵੇਲੇ ਮੋਗਾ ਪੁਲੀਸ ਲਾਈਨ ਵਿੱਚ ਤਾਇਨਾਤ ਹੈ ਅਤੇ ਉਸ ਦਾ ਪਹਿਲਾਂ ਵੀ ਵਿਵਾਦਗ੍ਰਸਤ ਰਿਕਾਰਡ ਰਿਹਾ ਹੈ। ਫਰਵਰੀ 2025 ਵਿੱਚ, ਸਾਦਿਕ ਥਾਣੇ ਦੇ ਐੱਸਐੱਚਓ ਵਜੋਂ ਤਾਇਨਾਤ ਰਹਿੰਦੇ ਹੋਏ ਉਸ ’ਤੇ ਇੱਕ ਚੋਰੀ ਦੇ ਮਾਮਲੇ ਵਿੱਚ ਲੁਧਿਆਣਾ ਦੇ ਇੱਕ ਕਬਾੜੀਏ ਦੇ ਪਰਿਵਾਰ ਤੋਂ 2 ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼ ਲੱਗਿਆ ਸੀ। ਇਸ ਸਬੰਧੀ ਜਾਂਚ ਤੋਂ ਬਾਅਦ ਉਸ ਅਤੇ ਉਸ ਦੇ ਦੋ ਸੁਰੱਖਿਆ ਗਾਰਡਾਂ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਸ ਸਮੇਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਫਿਲਹਾਲ ਉਹ ਇਸ ਮਾਮਲੇ ਵਿੱਚ ਜ਼ਮਾਨਤ ’ਤੇ ਬਾਹਰ ਹੈ।