ਕੈਨੇਡਾ ਦੇ ਲੈਂਗਲੀ ਵਿੱਚ ਕਾਰ ਅੰਦਰ ਸਾੜੇ ਗਏ ਨੌਜਵਾਨ ਦੀ ਹੋਈ ਪਛਾਣ, 25 ਸਾਲਾ ਭਾਰਤੀ ਨੌਜਵਾਨ ਤੁਸ਼ਾਰ ਸ਼ਰਮਾ ਵਜੋਂ ਹੋਈ ਸ਼ਨਾਖ਼ਤ

ਕੈਨੇਡਾ ਦੇ ਲੈਂਗਲੀ ਵਿੱਚ ਕਾਰ ਅੰਦਰ ਸਾੜੇ ਗਏ ਨੌਜਵਾਨ ਦੀ ਹੋਈ ਪਛਾਣ, 25 ਸਾਲਾ ਭਾਰਤੀ ਨੌਜਵਾਨ ਤੁਸ਼ਾਰ ਸ਼ਰਮਾ ਵਜੋਂ ਹੋਈ ਸ਼ਨਾਖ਼ਤ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਲੈਂਗਲੀ ਸ਼ਹਿਰ ਵਿੱਚ ਪਿਛਲੇ ਮਹੀਨੇ ਇੱਕ ਸੜੀ ਹੋਈ ਕਾਰ ਦੇ ਅੰਦਰੋਂ ਮਿਲੇ ਮਨੁੱਖੀ ਅਵਸ਼ੇਸ਼ਾਂ ਦੀ ਜਾਂਚ ਤੋਂ ਬਾਅਦ ਮ੍ਰਿਤਕ ਦੀ ਪਛਾਣ 25 ਸਾਲਾ ਭਾਰਤੀ ਨੌਜਵਾਨ ਤੁਸ਼ਾਰ ਸ਼ਰਮਾ ਵਜੋਂ ਹੋ ਗਈ ਹੈ। ਕੈਨੇਡੀਅਨ ਕਤਲ ਜਾਂਚਕਰਤਾਵਾਂ ਨੂੰ ਪੂਰਾ ਸ਼ੱਕ ਹੈ ਕਿ ਇਹ ਮਿੱਥ ਕੇ ਕੀਤਾ ਗਿਆ ਕਤਲ (targeted killing) ਸੀ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਦੱਸਿਆ ਕਿ ਉਨ੍ਹਾਂ ਦੀ ਮੁੱਢਲੀ ਜਾਂਚ ਦੇ ਸੰਕੇਤਾਂ ਮੁਤਾਬਕ ਇਹ ਇੱਕ ਯੋਜਨਾਬੱਧ ਕਤਲ ਹੈ ਅਤੇ ਇਸ ਘਟਨਾ ਵਿੱਚ ਸਬੂਤਾਂ ਨੂੰ ਨਸ਼ਟ ਕਰਨ ਦੇ ਇਰਾਦੇ ਨਾਲ ਹੀ ਗੱਡੀ ਨੂੰ ਅੱਗ ਲਗਾਈ ਗਈ ਸੀ। ਜਾਂਚਕਰਤਾਵਾਂ ਵੱਲੋਂ ਜਾਰੀ ਕੀਤੀ ਗਈ ਜਨਤਕ ਅਪੀਲ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਪੀੜਤ ਤੁਸ਼ਾਰ ਸ਼ਰਮਾ ਦਾ ਕੋਈ ਵੀ ਅਪਰਾਧਿਕ ਪਿਛੋਕੜ ਨਹੀਂ ਸੀ ਅਤੇ ਕੈਨੇਡਾ ਵਿੱਚ ਉਸ ਦੇ ਜਾਣ-ਪਛਾਣ ਵਾਲੇ ਸੰਪਰਕ ਵੀ ਕਾਫ਼ੀ ਸੀਮਤ ਸਨ। ਜ਼ਿਕਰਯੋਗ ਹੈ ਕਿ ਇਹ ਮਾਮਲਾ ਬੀਤੀ 29 ਅਕਤੂਬਰ ਨੂੰ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਐਮਰਜੈਂਸੀ ਸੇਵਾਵਾਂ ਨੂੰ ਲੈਂਗਲੀ ਦੇ ਰਾਵਲੀਸਨ ਕ੍ਰੀਸੈਂਟ ਦੇ 23300 ਬਲਾਕ ਵਿੱਚ ਇੱਕ ਗੱਡੀ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪਹੁੰਚ ਕੇ ਜਦੋਂ ਫ਼ਾਇਰ ਬ੍ਰਿਗੇਡ ਅਤੇ ਅਧਿਕਾਰੀਆਂ ਨੇ ਅੱਗ ਬੁਝਾਈ ਤਾਂ ਉਨ੍ਹਾਂ ਨੂੰ ਗੱਡੀ ਦੇ ਅੰਦਰੋਂ ਮਨੁੱਖੀ ਅਵਸ਼ੇਸ਼ ਬਰਾਮਦ ਹੋਏ। ਉਦੋਂ ਤੋਂ ਹੀ ਜਾਂਚ ਟੀਮ ਲਗਾਤਾਰ ਇਸ ਘਟਨਾ ਨਾਲ ਜੁੜੀ ਟਾਈਮਲਾਈਨ ਅਤੇ ਸ਼ਰਮਾ ਦੀ ਮੌਤ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭáਵੇਂ ਕਿ ਇਸ ਕਤਲ ਪਿੱਛੇ ਦਾ ਅਸਲ ਮਕਸਦ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ, ਪਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਕੋਈ ਅਚਾਨਕ ਵਾਪਰੀ ਹਾਦਸੇ ਦੀ ਘਟਨਾ ਨਹੀਂ ਹੈ। ਆਈ.ਐੱਚ.ਆਈ.ਟੀ. ਦੀ ਬੁਲਾਰਾ ਸਾਰਜੈਂਟ ਫਰੀਦਾ ਫੋਂਗ (Sgt Freda Fong) ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਾਂਚਕਰਤਾ ਸ਼ਰਮਾ ਦੀ ਮੌਤ ਤੋਂ ਪਹਿਲਾਂ ਦੀ ਜੀਵਨ ਸ਼ੈਲੀ ਅਤੇ ਰਹਿਣ-ਸਹਿਣ ਨੂੰ ਨੇੜਿਓਂ ਸਮਝਣ ਲਈ ਕੈਨੇਡਾ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨਾਲ ਲਗਾਤਾਰ ਰਾਬਤਾ ਬਣਾ ਰਹੇ ਹਨ। ਪੁਲਿਸ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਕੋਲ 29 ਅਕਤੂਬਰ ਤੋਂ ਪਹਿਲਾਂ ਤੁਸ਼ਾਰ ਸ਼ਰਮਾ ਦੀਆਂ ਗਤੀਵਿਧੀਆਂ, ਆਉਣ-ਜਾਣ ਜਾਂ ਇਸ ਮਾਮਲੇ ਨਾਲ ਜੁੜੀ ਕੋਈ ਵੀ ਅਹਿਮ ਜਾਣਕਾਰੀ ਹੋਵੇ, ਤਾਂ ਉਹ ਅੱਗੇ ਆ ਕੇ ਪੁਲਿਸ ਦੀ ਮਦਦ ਕਰ ਸਕਦਾ ਹੈ। ਜਾਣਕਾਰੀ ਦੇਣ ਵਾਲੇ ਲੋਕ IHIT ਨਾਲ 1-877-551-4448 ’ਤੇ ਸੰਪਰਕ ਕਰ ਸਕਦੇ ਹਨ ਜਾਂ ਆਪਣੀ ਜਾਣਕਾਰੀ [email protected] ’ਤੇ ਈਮੇਲ ਰਾਹੀਂ ਸਾਂਝੀ ਕਰ ਸਕਦੇ ਹਨ।