ਹਿਮਾਚਲ ਵਿੱਚ ਭਾਰੀ ਮੀਂਹ ਦਾ ਕਹਿਰ, ਚਲਦੀ ਕਾਰ 'ਤੇ ਪਹਾੜੀ ਤੋਂ ਡਿੱਗੇ ਪੱਥਰ

ਹਿਮਾਚਲ ਵਿੱਚ ਭਾਰੀ ਮੀਂਹ ਦਾ ਕਹਿਰ, ਚਲਦੀ ਕਾਰ 'ਤੇ ਪਹਾੜੀ ਤੋਂ ਡਿੱਗੇ ਪੱਥਰ

ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਸੋਲਨ ਜ਼ਿਲ੍ਹੇ ਦੇ ਗੰਭਰਪੁਲ-ਸਰਲੀ ਸੜਕ ਮਾਰਗ 'ਤੇ ਸ਼ੁੱਕਰਵਾਰ ਸਵੇਰੇ ਇੱਕ ਚਲਦੀ ਇਨੋਵਾ ਕ੍ਰਿਸਟਾ ਕਾਰ 'ਤੇ ਪਹਾੜੀ ਤੋਂ ਵੱਡੇ-ਵੱਡੇ ਪੱਥਰ ਆ ਡਿੱਗੇ। ਇਸ ਹਾਦਸੇ ਵਿੱਚ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਦਕਿ ਕਾਰ ਵਿੱਚ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਕੁਨਿਹਾਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਲਗਾਤਾਰ ਹੋ ਰਹੀ ਬਾਰਸ਼ ਕਾਰਨ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਲੈਂਡਸਲਾਈਡ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਕਾਰਨਾਂ ਕਰਕੇ 250 ਤੋਂ ਵੱਧ ਸੜਕਾਂ ਆਵਾਜਾਈ ਲਈ ਬੰਦ ਹੋ ਚੁੱਕੀਆਂ ਹਨ, ਜਦਕਿ 200 ਤੋਂ ਵੱਧ ਬਿਜਲੀ ਦੇ ਟ੍ਰਾਂਸਫਾਰਮਰ ਵੀ ਪ੍ਰਭਾਵਿਤ ਹੋਣ ਕਾਰਨ ਬੰਦ ਪਏ ਹਨ। ਕੁੱਲੂ ਜ਼ਿਲ੍ਹੇ ਵਿੱਚ ਸਭ ਤੋਂ ਵੱਧ 50 ਸੜਕਾਂ ਬੰਦ ਹਨ, ਜਦਕਿ ਸ਼ਿਮਲਾ ਜ਼ਿਲ੍ਹੇ ਵਿੱਚ 27 ਸੜਕਾਂ 'ਤੇ ਆਵਾਜਾਈ ਠੱਪ ਹੈ। ਇਸ ਤੋਂ ਇਲਾਵਾ ਸਿਰਮੌਰ ਜ਼ਿਲ੍ਹੇ ਦੇ ਕਾਲਾਅੰਬ ਖੇਤਰ ਵਿੱਚ ਭਾਰੀ ਮੀਂਹ ਤੋਂ ਬਾਅਦ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਉੱਧਰ, ਸ਼ਿਮਲਾ ਦੇ ਉਪਨਗਰ ਵਿਕਾਸਨਗਰ ਵਿੱਚ ਰਾਤ ਸਮੇਂ ਪਹਾੜੀ ਤੋਂ ਪੱਥਰ ਡਿੱਗਣ ਕਾਰਨ ਦੋ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।