ਅਮਲੋਹ ਹਲਕੇ ਦੇ ਸਰਪੰਚ ਡਾ. ਜਸਵਿੰਦਰ ਸਿੰਘ ਗੰਭੀਰ ਜ਼ਖ਼ਮੀ, ਹਮਲਾਵਰ ਮੌਕੇ ਤੋਂ ਫ਼ਰਾਰ
- ਪੰਜਾਬ
- (Asia/Kolkata)
ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਇੱਕ ਸਰਪੰਚ ‘ਤੇ ਜਾਨਲੇਵਾ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਅਮਲੋਹ ਹਲਕੇ ਦੇ ਪਿੰਡ ਸ਼ਾਹਪੁਰ ਦੇ ਸਰਪੰਚ ਡਾ. ਜਸਵਿੰਦਰ ਸਿੰਘ ‘ਤੇ ਸ਼ਨੀਵਾਰ ਨੂੰ ਨਕਾਬਪੋਸ਼ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ, ਹਮਲਾਵਰ ਤਲਵਾਰਾਂ ਨਾਲ ਲੈਸ ਹੋ ਕੇ ਡਾ. ਜਸਵਿੰਦਰ ਸਿੰਘ ਦੇ ਕਲੀਨਿਕ ਵਿੱਚ ਦਾਖਲ ਹੋਏ ਅਤੇ ਉਨ੍ਹਾਂ ‘ਤੇ ਤਾਬੜਤੋੜ ਵਾਰ ਕੀਤੇ। ਇਸ ਹਮਲੇ ਵਿੱਚ ਸਰਪੰਚ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ। ਇਸ ਦੌਰਾਨ ਉਨ੍ਹਾਂ ਦੇ ਇੱਕ ਸਾਥੀ ਨੂੰ ਵੀ ਸੱਟਾਂ ਲੱਗਣ ਦੀ ਖ਼ਬਰ ਹੈ। ਜ਼ਖ਼ਮੀ ਸਰਪੰਚ ਨੂੰ ਤੁਰੰਤ ਅਮਲੋਹ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਹੋਰ ਵਧੀਆ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ।
Leave a Reply