'ਆਲ ਇਜ਼ ਵੈੱਲ, ਘਾਟੇ-ਵਾਧੇ ਚੱਲਦੇ ਰਹਿੰਦੇ ਆ': 50 ਹਜ਼ਾਰ ਰਿਸ਼ਵਤ ਲੈਂਦੀ ਫੜੀ ਮਹਿਲਾ SHO ਦੇ ਬੇਖ਼ੌਫ਼ ਬੋਲ ਵਾਇਰਲ
ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿਜੀਲੈਂਸ ਬਿਊਰੋ ਨੇ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਥਾਣਾ ਕੋਟ ਈਸੇ ਖਾਂ ਦੀ ਮੁੱਖ ਅਫ਼ਸਰ (SHO) ਇੰਸਪੈਕਟਰ ਸੁਨੀਤਾ ਬਾਵਾ ਅਤੇ ਉਸ ਦੇ ਗੰਨਮੈਨ ਹੋਮਗਾਰਡ ਜਵਾਨ ਗੁਰਅਵਤਾਰ ਸਿੰਘ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਹਾਲਾਂਕਿ, ਇਸ ਗ੍ਰਿਫ਼ਤਾਰੀ ਤੋਂ ਬਾਅਦ ਮਹਿਲਾ ਇੰਸਪੈਕਟਰ ਵੱਲੋਂ ਮੀਡੀਆ ਸਾਹਮਣੇ ਦਿੱਤੀ ਗਈ ਬੇਖ਼ੌਫ਼ ਪ੍ਰਤੀਕਿਰਿਆ ਅਤੇ ਉਸ ਦਾ ਰਵੱਈਆ ਸੋਸ਼ਲ ਮੀਡੀਆ 'ਤੇ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ।ਝੂਠੇ ਕੇਸ 'ਚ ਫਸਾਉਣ ਦੀ ਧਮਕੀ ਦੇ ਕੇ ਮੰਗੀ ਸੀ ਰਿਸ਼ਵਤਪ੍ਰਾਪਤ ਜਾਣਕਾਰੀ ਅਨੁਸਾਰ, ਕੋਟ ਈਸੇ ਖਾਂ ਪੁਲਿਸ ਨੇ ਕੁਝ ਦਿਨ ਪਹਿਲਾਂ ਪਿੰਡ ਖੋਸਾ ਰਣਧੀਰ ਦੇ ਇੱਕ ਵਿਅਕਤੀ ਨੂੰ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸੇ ਮਾਮਲੇ ਦੀ ਆੜ ਵਿੱਚ ਥਾਣਾ ਮੁਖੀ ਇੰਸਪੈਕਟਰ ਸੁਨੀਤਾ ਬਾਵਾ ਪਿੰਡ ਨੂਰਪੁਰ ਹਕੀਮਾਂ ਦੇ ਨਿਵਾਸੀ ਰਾਜਵਿੰਦਰ ਸਿੰਘ ਨੂੰ ਨਸ਼ਾ ਤਸਕਰੀ ਦੇ ਝੂਠੇ ਕੇਸ ਵਿੱਚ ਨਾਮਜ਼ਦ ਕਰਨ ਦੀਆਂ ਧਮਕੀਆਂ ਦੇ ਰਹੀ ਸੀ। ਸੂਤਰਾਂ ਮੁਤਾਬਕ, ਮਹਿਲਾ ਇੰਸਪੈਕਟਰ ਸ਼ਿਕਾਇਤਕਰਤਾ ਤੋਂ ਪਹਿਲਾਂ ਹੀ 50,000 ਰੁਪਏ ਹਾਸਲ ਕਰ ਚੁੱਕੀ ਸੀ ਅਤੇ ਕੇਸ 'ਚੋਂ ਬਚਾਉਣ ਲਈ 50,000 ਰੁਪਏ ਹੋਰ ਮੰਗ ਰਹੀ ਸੀ।ਵਿਜੀਲੈਂਸ ਨੇ ਜਾਲ ਵਿਛਾ ਕੇ ਰੰਗੇ ਹੱਥੀਂ ਦਬੋਚਿਆਪੀੜਤ ਰਾਜਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਤੁਰੰਤ ਐਕਸ਼ਨ ਲੈਂਦਿਆਂ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਦੀ ਇੰਸਪੈਕਟਰ ਗਗਨਦੀਪ ਕੌਰ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਵਿਜੀਲੈਂਸ ਟੀਮ ਨੇ ਰਣਨੀਤੀ ਤਹਿਤ ਜਾਲ ਵਿਛਾਇਆ ਅਤੇ ਸ਼ਨਿੱਚਰਵਾਰ ਦੇਰ ਰਾਤ ਲਗਭਗ 9 ਵਜੇ ਜੀਰਾ ਰੋਡ 'ਤੇ ਥਾਣਾ ਮੁਖੀ ਸੁਨੀਤਾ ਬਾਵਾ ਅਤੇ ਉਸ ਦੇ ਗੰਨਮੈਨ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਮਹਿਲਾ ਅਫ਼ਸਰ ਪਹਿਲਾਂ ਤੋਂ ਹੀ ਵਿਜੀਲੈਂਸ ਦੀ ਸਕੈਨਰ ਹੇਠ ਸੀ।ਗ੍ਰਿਫ਼ਤਾਰੀ ਮਗਰੋਂ ਵਾਇਰਲ ਵੀਡੀਓ: 'ਬੋਲਡ ਰਹਿਣਾ ਚਾਹੀਦਾ, ਘਾਟੇ-ਵਾਧੇ ਚੱਲਦੇ ਰਹਿੰਦੇ ਆ'ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਮਹਿਲਾ ਇੰਸਪੈਕਟਰ ਨੂੰ ਲਿਜਾਇਆ ਜਾ ਰਿਹਾ ਸੀ, ਤਾਂ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ 'ਤੇ ਉਸ ਦੇ ਚਿਹਰੇ 'ਤੇ ਕੋਈ ਪਛਤਾਵਾ ਨਹੀਂ ਦਿਸਿਆ। ਉਸ ਨੇ ਬੇਬਾਕੀ ਨਾਲ ਕਿਹਾ, "ਆਲ ਇਜ਼ ਵੈੱਲ, ਆਲ ਇਜ਼ ਵੈੱਲ।"ਜਦੋਂ ਰਿਸ਼ਵਤ ਦੇ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਜਵਾਬ ਦਿੱਤਾ, "ਦੇਖੋ ਜੀ, ਜੇਲ੍ਹ ਦਾ ਨਵਾਂ ਮਾਡਿਊਲ ਸਟਾਰਟ ਹੋ ਗਿਆ, lets see what happens (ਦੇਖਦੇ ਹਾਂ ਅੱਗੇ ਕੀ ਹੁੰਦਾ ਹੈ)।" ਚਿਹਰੇ 'ਤੇ ਮੁਸਕਰਾਹਟ ਬਾਰੇ ਪੁੱਛਣ 'ਤੇ ਉਸ ਨੇ ਕਿਹਾ, "ਬਿਲਕੁੱਲ ਜੀ, ਬੋਲਡ ਰਹਿਣਾ ਚਾਹੀਦਾ, ਘਾਟੇ-ਵਾਧੇ ਚੱਲਦੇ ਰਹਿੰਦੇ ਆ, ਨੋ ਇਸ਼ੂ। ਹੋਪ ਫਾਰ ਦੀ ਬੈਸਟ।"ਮਹਿਲਾ ਅਫ਼ਸਰ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਤੇ ਲੋਕਾਂ ਵੱਲੋਂ ਤਿੱਖੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਈ ਵਰਤੋਂਕਾਰਾਂ ਨੇ ਪੁਲਿਸ ਅਫ਼ਸਰ ਦੇ ਇਸ ਰਵੱਈਏ 'ਤੇ ਹੈਰਾਨੀ ਜਤਾਈ ਹੈ, ਜਦਕਿ ਹੋਰਾਂ ਨੇ ਪ੍ਰਸ਼ਾਸਨਿਕ ਢਾਂਚੇ 'ਤੇ ਨਿਸ਼ਾਨਾ ਸਾਧਿਆ ਹੈ। ਵਿਜੀਲੈਂਸ ਬਿਊਰੋ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Posted By: Daily Suraj Bureau