ਪੰਜਾਬੀਅਤ ਦੀ ਆਵਾਜ਼ ਵਜੋਂ ਉਭਰੇ ਗੁਰਭਜਨ ਸਿੰਘ ਗਿੱਲ
- ਪੰਜਾਬ
- (Asia/Kolkata)
ਪ੍ਰੋ. ਗੁਰਭਜਨ ਗਿੱਲ ਨੂੰ ਅੱਜ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਤ ਕਰਨ ’ਤੇ ਵਿਸ਼ੇਸ਼ – ਨਵਦੀਪ ਸਿੰਘ ਗਿੱਲ (97800-36216) ਪੰਜਾਬ ਕਲਾ ਪਰਿਸ਼ਦ ਵੱਲੋਂ ਇਸ ਸਾਲ ਮਨਾਏ ਜਾ ਰਹੇ ਸਾਲਾਨਾ ਡਾ ਮਹਿੰਦਰ ਸਿੰਘ ਰੰਧਾਵਾ ਕਲਾ ਤੇ ਸਾਹਿਤ ਉਤਸਵ ਦੌਰਾਨ ਸ਼੍ਰੋਮਣੀ ਪੰਜਾਬੀ ਕਵੀ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਦੁਨੀਆਂ ਭਰ ਵਿੱਚ ਸ਼ਾਇਦ ਹੀ ਕੋਈ ਪੰਜਾਬੀ ਹੋਵੇਗਾ ਜੋ ਸਾਹਿਤ, ਸੱਭਿਆਚਾਰ, ਕਲਾ ਤੇ ਸਿੱਖਿਆ ਖੇਤਰ ਦੀ ਜਾਣੀ ਪਛਾਣੀ ਸਖਸ਼ੀਅਤ ਨੂੰ ਨਾ ਜਾਣਦਾ ਹੋਵੇ। ਚੜ੍ਹਦਾ ਪੰਜਾਬ ਹੋਵੇ ਜਾਂ ਲਹਿੰਦਾ, ਹਰ ਪੰਜਾਬੀ ਪ੍ਰੋ. ਗਿੱਲ ਦੀ ਮਿਕਨਾਤੀਸੀ ਸਖਸ਼ੀਅਤ ਦਾ ਪ੍ਰਭਾਵ ਕਬੂਲਦਾ ਹੈ। ਪ੍ਰੋ. ਗਿੱਲ ਦੀ ਸੰਗਤ ਵਿੱਚ ਗੱਲਾਂ ਸੁਣਨ ਵਾਲੇ ਨੂੰ ਸਾਹਿਤ ਪੜ੍ਹਨ ਜਿੰਨਾ ਸੁਆਦ ਆਉਂਦਾ ਹੈ। ਉਨ੍ਹਾਂ ਦੀ ਰਹਿਣੀ-ਸਹਿਣੀ, ਕਹਿਣੀ-ਕਥਨੀ ਅਤੇ ਲੇਖਣੀ ਨੇ ਹਮੇਸ਼ਾ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਚੁੱਕਿਆ ਹੈ। ਗੁਰਭਜਨ ਗਿੱਲ ਦਾ ਜਨਮ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਪਿੰਡ ਬਸੰਤ ਕੋਟ ਵਿਖੇ 2ਮਈ 1953 ਨੂੰ ਹੋਇਆ। ਉਨ੍ਹਾਂ ਦਾ ਪਰਿਵਾਰ ਸੰਤਾਲੀ ਦੀ ਵੰਡ ਦਾ ਸੰਤਾਪ ਝੱਲ ਕੇ ਰਾਵੀ ਪਾਰਲੇ ਪਿੰਡ ਨਿੱਦੋ ਕੇ ਤੋਂ ਆਇਆ ਸੀ। ਪਿਤਾ ਸ. ਹਰਨਾਮ ਸਿੰਘ ਤੇ ਮਾਤਾ ਤੇਜ ਕੌਰ ਦੇ ਸਭ ਤੋਂ ਛੋਟੇ ਪੁੱਤਰ ਗੁਰਭਜਨ ਗਿੱਲ ਨੂੰ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਸਰਪ੍ਰਸਤੀ ਘਰੋਂ ਹੀ ਮਿਲੀ। ਸਭ ਤੋਂ ਵੱਡੀ ਭੈਣ ਪਿ੍ਰੰਸੀਪਲ ਮਨਜੀਤ ਕੌਰ, ਵੱਡੇ ਭਰਾ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਤੇ ਪ੍ਰੋ. ਸੁਖਵੰਤ ਸਿੰਘ ਗਿੱਲ ਦੀ ਮਿਲੀ ਸੇਧ ਨੇ ਗੁਰਭਜਨ ਗਿੱਲ ਦੀ ਲਿਆਕਤ ਦੀ ਨੀਂਹ ਅਜਿਹੀ ਮਜ਼ਬੂਤ ਕੀਤੀ ਕਿ ਹੁਣ ਉਹ ਪੰਜਾਬੀਅਤ ਦਾ ਵੱਡਾ ਬੋਹੜ ਦਾ ਦਰਖ਼ਤ ਬਣ ਗਿਆ। ਪਿੰਡੋਂ ਪ੍ਰਾਇਮਰੀ ਤੇ ਧਿਆਨਪੁਰੋਂ ਦਸਵੀਂ ਕਰਨ ਤੋਂ ਬਾਅਦ ਗਿਆਰਵੀਂ ਤੇ ਬਾਰ੍ਹਵੀਂ ਕਾਲਾ ਅਫ਼ਗਾਨਾ ਕਾਲਜ ਤੋਂ ਕੀਤੀ। ਜੀ.ਜੀ.ਐਨ. ਖਾਲਸਾ ਕਾਲਜ ਲੁਧਿਆਣਾ ਵਿਖੇ ਗਰੈਜੂਏਸ਼ਨ ਕਰਦਿਆਂ ਪ੍ਰੋ. ਗਿੱਲ ਦੇ ਸੁਫ਼ਨਿਆਂ ਨੂੰ ਪਰਵਾਜ਼ ਮਿਲੀ ਜਿੱਥੇ ਗੁਰੂ ਵਜੋਂ ਡਾ.ਐਸ.ਪੀ. ਸਿੰਘ ਦੀ ਸ਼ਾਗਿਰਦੀ ਅਤੇ ਮਿੱਤਰ ਵਜੋਂ ਸ਼ਮਸ਼ੇਰ ਸੰਧੂ ਦੀ ਦੋਸਤੀ ਦਾ ਸਾਥ ਮਿਲਿਆ। ਸਰਕਾਰੀ ਕਾਲਜ ਲੁਧਿਆਣਾ ਤੋਂ ਪੰਜਾਬੀ ਦੀ ਐਮ.ਏ. ਕੀਤੀ। 1975 ਵਿੱਚ ਕਾਲਜ ਦੀ ਪੜ੍ਹਾਈ ਦੌਰਾਨ ਗੁਰਭਜਨ ਸਿੰਘ ਗਿੱਲ ਨੂੰ ਪਹਿਲਾ ਸਨਮਾਨ ‘ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ’ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਦਿੱਤਾ ਗਿਆ। ਅਧਿਆਪਨ ਦੇ ਕਿੱਤੇ ਨੂੰ ਅਪਣਾਉਂਦਿਆਂ ਉਨ੍ਹਾਂ 1976 ਵਿੱਚ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਪੜ੍ਹਾਉਣਾ ਸ਼ੁਰੂ ਕੀਤਾ। ਦੋਰਾਹਾ ਕਾਲਜ ਵਿਖੇ ਇਕ ਸਾਲ ਸੇਵਾ ਨਿਭਾਉਣ ਤੋਂ ਬਾਅਦ ਲਾਜਪਤ ਰਾਏ ਮੈਮੋਰੀਅਲ ਜਗਰਾਉਂ ਵਿਖੇ 1977 ਤੋਂ 1983 ਤੱਕ ਸਾਢੇ ਛੇ ਸਾਲ ਪੜ੍ਹਾਇਆ। ਅਪਰੈਲ 1983 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸੀਨੀਅਰ ਸੰਪਾਦਕ (ਪੰਜਾਬੀ) ਵਜੋਂ ਸੇਵਾ ਸ਼ੁਰੂ ਕੀਤੀ ਜਿੱਥੇ ਉਨ੍ਹਾਂ ਤੀਹ ਸਾਲ ਸੇਵਾਵਾਂ ਨਿਭਾਈਆਂ। ਮਈ 2013 ਵਿੱਚ ਸੇਵਾ ਮੁਕਤੀ ਤੋਂ ਬਾਅਦ ਗੁਰਭਜਨ ਗਿੱਲ ਨੇ ਮਾਲਵੇ ਦੇ ਧੁਰ ਅੰਦਰ ਬਠਿੰਡਾ ਜ਼ਿਲੇ ਵਿੱਚ ਸਥਿਤ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਡਾਇਰੈਕਟਰ (ਯੋਜਨਾ ਤੇ ਵਿਕਾਸ) ਵਜੋਂ ਇਕ ਸਾਲ ਸੇਵਾਵਾਂ ਨਿਭਾਈਆਂ। ਆਪਣੀ ਸਰਵਿਸ ਦੌਰਾਨ ਉਨ੍ਹਾਂ ਸਾਹਿਤ ਖੇਤਰ ਦੀਆਂ ਸਿਖਰਾਂ ਛੋਹੀਆਂ। ਗੁਰਭਜਨ ਸਿੰਘ ਗਿੱਲ ਦੀ ਪਹਿਲੀ ਪੁਸਤਕ ਕਾਵਿ ‘ਸ਼ੀਸ਼ਾ ਝੂਠ ਬੋਲਦਾ ਹੈ’ 1978 ਵਿੱਚ ਪ੍ਰਕਾਸ਼ਿਤ ਹੋਈ। ਪਿਛਲੇ ਸਾਲ ਨਵੰਬਰ ਵਿੱਚ ਛਪੀ ‘ਤਾਰਿਆਂ ਦੀ ਗੁਜ਼ਰਗਾਹ’ ਉਨ੍ਹਾਂ ਦੀ ਸੋਲ੍ਹਵੀਂ ਪੁਸਤਕ ਹੈ। ਉਨ੍ਹਾਂ ਵਾਤਾਵਰਣ ਬਾਰੇ ਇਕ ਵਾਰਤਕ ਪੁਸਤਕ ਕੈਮਰੇ ਦੀ ਅੱਖ ਬੋਲਦੀ ਵੀ ਲਿਖੀ ਹੈ ਜਿਸਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ, ਕਰਤਾਰ ਸਿੰਘ ਦੁੱਗਲ ਤੇ ਸ. ਬਰਜਿੰਦਰ ਸਿੰਘ ਹਮਦਰਦ ਨੇ 1999 ਵਿੱਚ ਜਲੰਧਰ ਵਿਖੇ ਲੋਕ ਅਰਪਣ ਕੀਤਾ। ਉਨ੍ਹਾਂ ਦੀਆਂ ਛੇ ਪੁਸਤਕਾਂ ਸ਼ਾਹਮੁਖੀ ਵਿੱਚ ਵੀ ਛਪੀਆਂ ਹਨ ਜਿਸ ਕਾਰਨ ਉਨ੍ਹਾਂ ਦੀ ਮਕਬੂਲੀਅਤ ਰਾਵੀ ਦੇ ਦੋਵੇਂ ਪਾਸੇ ਇਕੋ-ਜਿਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਲਿਖਤਾਂ ਬਾਰੇ ਸੱਤ ਪੁਸਤਕਾਂ ਸੰਪਾਦਿਤ ਕੀਤੀਆਂ। ਹਾਲ ਹੀ ਵਿੱਚ ਉਨ੍ਹਾਂ ਆਤਮਜੀਤ ਨਾਲ ਮਿਲ ਕੇ ‘ਪੰਜਾਬੀ ਬੋਲੀ- ਰਮਜ਼ਾਂ, ਰੁਕਾਵਟਾਂ ਤੇ ਰਾਹ’ ਪੁਸਤਕ ਸੰਪਾਦਿਤ ਕੀਤੀ ਹੈ ਜਿਸ ਨੂੰ ਵਿਸ਼ਵ ਪੰਜਾਬੀ ਸਭਾ ਛਾਪ ਰਹੀ ਹੈ। ਗੁਰਭਜਨ ਗਿੱਲ ਦੀ ਸ਼ਾਇਰੀ ਕੁਦਰਤ, ਇਤਿਹਾਸਕ ਪ੍ਰਸੰਗਾਂ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੀ ਹੋਈ ਸਮਾਜਿਕ ਸਰੋਕਾਰਾਂ ਦੇ ਬਹੁਤ ਨੇੜੇ ਹੈ। ਸੂਚਨਾ ਤਕਨਾਲੋਜੀ ਦੇ ਦੌਰ ਵਿੱਚ ਗੁਰਭਜਨ ਗਿੱਲ ਉਹ ਸ਼ਾਹ ਅਸਵਾਰ ਹੈ ਜਿਸ ਕੋਲ ਹਰ ਵਿਸ਼ੇ ਦੀ ਹਰ ਜਾਣਕਾਰੀ ਲਈ ਜਾ ਸਕਦੀ ਹੈ ਅਤੇ ਉਸ ਦੇ ਦਾਇਰੇ ਵਾਲੇ ਲੋਕ ‘ਗੂਗਲ’ ਨਾਲੋਂ ‘ਗਿੱਲ’ ਉਪਰ ਜ਼ਿਆਦਾ ਯਕੀਨ ਕਰਦੇ ਹਨ। ਉਨ੍ਹਾਂ ਤਿੰਨ ਦਰਜਨ ਤੋਂ ਵੱਧ ਗੀਤ ਵੀ ਲਿਖੇ ਜਿਹੜੇ ਨਾਮੀਂ ਗਾਇਕਾਂ ਨੇ ਸੁਰਬੱਧ ਕੀਤੇ। ਇਨ੍ਹਾਂ ਗਾਇਕਾਂ ਵਿੱਚ ਸੁਰਿੰਦਰ ਛਿੰਦਾ, ਨਰਿੰਦਰ ਬੀਬਾ, ਜਗਮੋਹਨ ਕੌਰ, ਅਮਰਜੀਤ ਗੁਰਦਾਸਪੁਰੀ, ਹੰਸ ਰਾਜ ਹੰਸ, ਕੁਲਦੀਪ ਪਾਰਸ, ਲਾਭ ਜੰਜੂਆ, ਹਰਭਜਨ ਮਾਨ, ਜਸਵੀਰ ਜੱਸੀ, ਸਾਬਰ ਕੋਟੀ, ਰਾਜ ਕਾਕੜਾ, ਕੇਸਰ ਸਿੰਘ ਨਰੂਲਾ, ਹਰਦਿਆਲ ਪਰਵਾਨਾ, ਸੁਰਜੀਤ ਮਾਧੋਪੁਰੀ, ਵਿਜੇ ਯਮਲਾ ਜੱਟ, ਜਸਦੇਵ ਯਮਲਾ ਜੱਟ, ਡਾ.ਸੁਖਨੈਨ, ਅਕਬਰ ਅਲੀ, ਸ਼ੀਰਾ ਜਸਵੀਰ, ਹਰਿੰਦਰ ਸੋਹਲ, ਰਣਜੀਤ ਬਾਵਾ ਆਦਿ ਸ਼ਾਮਲ ਹੈ। ਅਣਜੰਮੀ ਧੀ ਦੀ ਗਾਥਾ ਸੁਣਾਉਂਦੀ ਕਵਿਤਾ ‘ਲੋਰੀ’ ਨੇ ਗੁਰਭਜਨ ਗਿੱਲ ਨੂੰ ਸਮਾਜ ਵਿੱਚ ਸਭ ਤੋਂ ਸਨਮਾਨ ਦਿਵਾਇਆ ਹੈ ਜਿੱਥੇ ਉਨ੍ਹਾਂ ਭਰੂਣ ਹੱਤਿਆ ਜਿਹੀ ਲਾਹਨਤ ਨੂੰ ਆਪਣੇ ਸ਼ਬਦਾਂ ਨਾਲ ਬਿਆਨ ਕੀਤਾ ਹੈ। ਸਾਹਿਤ ਖੇਤਰ ਦੀ ਮੀਰੀ ਸੰਸਥਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਉਹ ਚਾਰ ਸਾਲ 2010 ਤੋਂ 2014 ਤੱਕ ਪ੍ਰਧਾਨ ਰਹੇ। ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਲੁਧਿਆਣਾ ਦੇ ਸਕੱਤਰ ਜਨਰਲ ਰਹਿੰਦਿਆਂ ਜਗਦੇਵ ਸਿੰਘ ਜੱਸੋਵਾਲ ਨਾਲ ਮਿਲ ਕੇ ਪ੍ਰੋ. ਮੋਹਨ ਸਿੰਘ ਮੇਲੇ ਨੂੰ ਕੌਮਾਂਤਰੀ ਪ੍ਰਸਿੱਧੀ ਤੱਕ ਪਹੁੰਚਾਇਆ। ਮਾਝੇ ਦੀਆਂ ਪ੍ਰਸਿੱਧ ਖੇਡਾਂ ਕਮਲਜੀਤ ਖੇਡਾਂ ਦੀ ਪ੍ਰਬੰਧਕੀ ਸੰਸਥਾ ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਦੇ ਉਹ ਚੇਅਰਮੈਨ ਹਨ। ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ, ਬੱਸੀਆਂ (ਰਾਏਕੋਟ) ਦੇ ਚੇਅਰਮੈਨ ਹੁੰਦਿਆਂ ਬੱਸੀਆਂ ਕੋਠੀਆਂ ਵਿਖੇ ਖਾਲਸਾ ਰਾਜ ਦੇ ਆਖਰੀ ਰਾਜੇ ਮਹਾਰਾਜਾ ਦਲੀਪ ਸਿੰਘ ਦੀ ਅਦੁੱਤੀ ਯਾਦਗਾਰ ਬਣਾਈ। ਉਹ ਲੋਕ ਵਿਰਾਸਤ ਅਕੈਡਮੀ ਇੰਟਰਨੈਸ਼ਨਲ ਪੰਜਾਬ ਦੇ ਮੋਢੀ ਚੇਅਰਮੈਨ, ਸਰਦਾਰ ਸ਼ੋਭਾ ਸਿੰਘ ਮੈਮੋਰੀਅਲ ਫਾਊਂਡੇਸ਼ਨ ਸ੍ਰੀ ਹਰਗੋਬਿੰਦਪੁਰ ਦੇ ਪੈਟਰਨ, ਸੱਭਿਆਚਾਰਕ ਸੱਥ ਪੰਜਾਬ ਦੇ ਪੈਟਰਨ ਤੋਂ ਇਲਾਵਾ 2015 ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਫੈਲੋ ਹਨ। ਮਾਣ-ਸਨਮਾਨਾਂ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦਾ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਮਿਲਿਆ।ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ ਸਨਮਾਨ, ਬਾਬਾ ਫਰੀਦ ਮੇਲੇ ਦੌਰਾਨ ਸ਼ੇਖ ਫਰੀਦ ਪੁਰਸਕਾਰ ਮਿਲਿਆ। ਪੰਜਾਬੀ ਸਾਹਿਤ ਅਕਾਡਮੀ ਨੇ ਉਮਰ ਭਰ ਦੀਆਂ ਸੇਵਾਵਾਂ ਬਦਲੇ ‘ਫੈਲੋਸ਼ਿਪ’ ਪੁਰਸਕਾਰ ਅਤੇ ਹਰਿਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ। ਇਸ ਤੋਂ ਇਲਾਵਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਪੁਰਸਕਾਰ, ਖਾਲਸਾ ਗਲੋਬਲ ਐਵਾਰਡ, ਬਲਵਿੰਦਰ ਰਿਸ਼ੀ ਮੈਮੋਰੀਅਲ ਗ਼ਜ਼ਲ ਐਵਾਰਡ, ਸੁਰਜੀਤ ਰਾਮਪੁਰੀ ਐਵਾਰਡ, ਪਿ੍ਰੰਸੀਪਲ ਸੰਤ ਸਿੰਘ ਸੇਖੋਂ ਮੈਮੋਰੀਅਲ ਗੋਲਡ ਮੈਡਲ, ਸਫ਼ਦਰ ਹਾਸ਼ਮੀ ਲਿਟਰੇਰੀ ਐਵਾਰਡ, ਐਸ.ਐਸ.ਮੀਸ਼ਾ ਐਵਾਰਡ, ਗਿਆਨੀ ਸੁੰਦਰ ਸਿੰਘ ਐਵਾਰਡ, ਪ੍ਰੋ. ਪੂਰਨ ਸਿੰਘ ਐਵਾਰਡ, ਬਾਵਾ ਬਲਵੰਤ ਐਵਾਰਡ, ਸ਼ਿਵ ਕੁਮਾਰ ਬਟਾਲਵੀ ਐਵਾਰਡ ਅਤੇ ‘ਭਾਈ ਵੀਰ ਸਿੰਘ ਐਵਾਰਡ’ ਵੀ ਮਿਲਿਆ।
Leave a Reply