ਟਾਇਰ ਪੰਕਚਰ ਕਾਰਨ ਬੇਕਾਬੂ ਹੋਈ ਗੱਡੀ ਦਰੱਖਤ ਨਾਲ ਟਕਰਾਈ, ਖੇਤ ਵਿੱਚ ਪਲਟੀ
- ਹਰਿਆਣਾ
- (Asia/Kolkata)
ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਫੁੱਟਬਾਲ ਖਿਡਾਰੀਆਂ ਨਾਲ ਇੱਕ ਦੁਖਦਾਈ ਹਾਦਸਾ ਵਾਪਰ ਗਿਆ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਖਿਡਾਰੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਜਾ ਰਹੇ ਸਨ। ਮਿਲੀ ਜਾਣਕਾਰੀ ਮੁਤਾਬਕ, ਜਿਵੇਂ ਹੀ ਗੱਡੀ ਪਿੰਡ ਖਾਬੜਾ ਦੇ ਨੇੜੇ ਪਹੁੰਚੀ, ਚਲਦੀ ਗੱਡੀ ਦਾ ਟਾਇਰ ਅਚਾਨਕ ਪੰਕਚਰ ਹੋ ਗਿਆ। ਇਸ ਕਾਰਨ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਪਹਿਲਾਂ ਦਰੱਖਤ ਨਾਲ ਟਕਰਾਈ ਅਤੇ ਫਿਰ ਖੇਤ ਵਿੱਚ ਪਲਟ ਗਈ। ਹਾਦਸੇ ਦੇ ਵੇਲੇ ਗੱਡੀ ਵਿੱਚ ਕੁੱਲ 19 ਖਿਡਾਰੀ ਸਵਾਰ ਸਨ। ਗੱਡੀ ਪਲਟਣ ਨਾਲ ਮੌਕੇ ‘ਤੇ ਚੀਕ-ਚਿਹਾੜਾ ਮਚ ਗਿਆ। ਸੂਤਰਾਂ ਅਨੁਸਾਰ, ਇਹ ਸਾਰੇ ਖਿਡਾਰੀ ਪਿੰਡ ਚੂਲੀ ਬਾਗੜੀਆਂ ਦੇ ਮੈਦਾਨ ਵਿੱਚ ਪ੍ਰੈਕਟਿਸ ਕਰਦੇ ਹਨ, ਜਿੱਥੇ ਸੀਨੀਅਰ ਫੁੱਟਬਾਲ ਖਿਡਾਰੀ ਉਨ੍ਹਾਂ ਨੂੰ ਸਿਖਲਾਈ ਦਿੰਦੇ ਹਨ। ਪਿੰਡ ਦੇ ਨੌਜਵਾਨਾਂ ਵੱਲੋਂ ਆਪਣੀ ਟੀਮ ਬਣਾਈ ਗਈ ਹੈ, ਜੋ ਸਿਰਸਾ ਜ਼ਿਲ੍ਹੇ ਦੇ ਰਾਨੀਆਂ ਖੇਤਰ ਦੇ ਪਿੰਡ ਹਰੀਪੁਰਾ ਵਿੱਚ ਚੱਲ ਰਹੇ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਟਾਟਾ ਮੈਜਿਕ ਗੱਡੀ ਵਿੱਚ ਰਵਾਨਾ ਹੋਈ ਸੀ। ਜਿਵੇਂ ਹੀ ਗੱਡੀ ਫਤਿਹਾਬਾਦ ਦੇ ਖਾਬੜਾ ਪਿੰਡ ਨੇੜੇ ਪਹੁੰਚੀ, ਟਾਇਰ ਪੰਕਚਰ ਹੋਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਸੂਚਨਾ ਮਿਲਣ ‘ਤੇ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਸਾਰੇ ਜ਼ਖਮੀਆਂ ਨੂੰ ਭੱਟੂ ਸੀ.ਐਚ.ਸੀ. ਵਿੱਚ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਾਰੇ ਖਿਡਾਰੀ 15 ਤੋਂ 35 ਸਾਲ ਦੀ ਉਮਰ ਦੇ ਹਨ। ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Leave a Reply