ਮਹਾਂਸ਼ਿਵਰਾਤਰੀ ਮੌਕੇ ਭਗਤੀਮਈ ਮਾਹੌਲ, ਥਾਈਂ-ਥਾਈਂ ਲੱਗੀਆਂ ਲਾਈਨਾਂ
- ਹਰਿਆਣਾ
- (Asia/Kolkata)
ਵੱਡੀ ਗਿਣਤੀ ਸ਼ਰਧਾਲੂ ਮੰਦਰਾਂ ਵਿੱਚ ਨਤਮਸਤਕ ਹੋਏ ਸੰਗਮੇਸ਼ਵਰ ਮਹਾਦੇਵ ਮੰਦਿਰ ਵਿੱਚ ਮਹਾਸ਼ਿਵਰਾਤਰੀ ਮੇਲੇ ਦੌਰਾਨ ਸਾਢੇ ਤਿੰਨ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਮੱਥਾ ਟੇਕਿਆ ਅਤੇ ਸ਼ਿਵਲਿੰਗ ’ਤੇ ਜਲ ਚੜ੍ਹਾਇਆ। ਇਸ ਦੌਰਾਨ ਸੇਵਾ ਦਲ ਦੇ ਮੈਂਬਰਾਂ ਨੇ ਕਤਾਰ ਵਿੱਚ ਖੜ੍ਹੇ ਸ਼ਰਧਾਲੂਆਂ ਨੂੰ ਗੁੜ ਦੇ ਪੈਕੇਟ, ਪ੍ਰਸ਼ਾਦ ਅਤੇ ਫੁੱਲ ਵੀ ਉਪੱਲਬਧ ਕਰਵਾਏ। ਯਮੁਨਾਨਗਰ ਦੇ ਮੰਦਰਾਂ ਵਿੱਚ ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਸ਼ਰਧਾਲੂਆਂ ਨੇ ਮੰਦਰਾਂ ਵਿੱਚ ਮੱਥਾ ਟੇਕਿਆ ਅਤੇ ਸ਼ਿਵਲਿੰਗ ’ਤੇ ਜਲ ਚੜ੍ਹਾਇਆ। ਮੰਦਰਾਂ ਵਿੱਚ ਤੜਕੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਪੁੱਜਣੇ ਸ਼ੁਰੂ ਹੋ ਗਏ। ਪ੍ਰਾਰਥਨਾ ਕਰਨ ਤੋਂ ਬਾਅਦ ਜਲ ਚੜ੍ਹਾਉਣ ਸ਼ੁਰੂ ਕੀਤਾ, ਜੋ ਕਿ ਦਿਨ ਭਰ ਜਾਰੀ ਰਿਹਾ। ਹਜ਼ਾਰਾਂ ਸ਼ਰਧਾਲੂ ਯਮੁਨਾਨਗਰ ਦੇ ਰਾਮਪੁਰਾ ਖੇੜਾ ਮੰਦਰ, ਸ਼ਿਵ ਮੰਦਰ ਰਾਮਪੁਰਾ, ਸ੍ਰੀ ਲਾਲ ਦਵਾਰਾ ਮੰਦਰ, ਦਿਆਲੂ ਮੰਦਰ ਸਰੋਜਨੀ ਕਲੋਨੀ, ਸ਼ਾਦੀਪੁਰ ਸ਼ਿਵ ਮੰਦਰ, ਜੰਗਲਾ ਵਾਲੇ ਮਾਤਾ ਜੀ ਮੰਦਰ, ਗਣੇਸ਼ ਮੰਦਰ, ਸ਼ਨੀ ਮੰਦਰ ਹੁੱਡਾ ਅਤੇ ਮਾਡਲ ਕਲੋਨੀ ਸ਼ਿਵ ਮੰਦਰ ਵਿੱਚ ਪੂਜਾ ਕਰਨ ਅਤੇ ਸ਼ਿਵਲਿੰਗ ਨੂੰ ਜਲ ਚੜ੍ਹਾਉਣ ਲਈ ਪੁੱਜੇ। ਇਸ ਦੌਰਾਨ ਕਾਵੜੀਆਂ ਸਮੇਤ ਸ਼ਿਵ ਭਗਤ ਰਿਸ਼ੀਕੇਸ਼ ਅਤੇ ਹਰਿਦੁਆਰ ਤੋਂ ਪਾਣੀ ਲੈ ਕੇ ਸ਼ਿਵਲਿੰਗ ’ਤੇ ਜਲ ਅਭਿਸ਼ੇਕ ਕਰਨ ਲਈ ਆਏ। ਮਾਡਲ ਕਲੋਨੀ ਸ਼ਿਵ ਮੰਦਰ ਵਿੱਚ ਉੱਤਰ ਭਾਰਤ ਦੀ ਕੇਂਦਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਸ਼ਿਵ ਪ੍ਰਤਾਪ ਬਜਾਜ ਨੇ ਪਾਕਿਸਤਾਨ ਦੇ ਕਟਾਸ ਰਾਏ ਤੀਰਥ ਸਥਾਨ ’ਤੇ ਅਮਰਕੁੰਡ ਤੋਂ ਲਿਆਂਦੇ ਗਏ ਪਾਣੀ ਨਾਲ ਜਲ ਅਭਿਸ਼ੇਕ ਕੀਤਾ।
Leave a Reply