ਕੈਨੇਡਾ-ਅਮਰੀਕਾ ਵਿਚਕਾਰ ਨਵਾਂ ਛੇ ਲੇਨ ਅੰਤਰਰਾਸ਼ਟਰੀ ਪੁੱਲ ਜਲਦ ਹੋਵੇਗਾ ਚਾਲੂ

ਕੈਨੇਡਾ-ਅਮਰੀਕਾ ਵਿਚਕਾਰ ਨਵਾਂ ਛੇ ਲੇਨ ਅੰਤਰਰਾਸ਼ਟਰੀ ਪੁੱਲ ਜਲਦ ਹੋਵੇਗਾ ਚਾਲੂ

ਕੈਨੇਡਾ ਅਤੇ ਅਮਰੀਕਾ ਦਰਮਿਆਨ ਆਵਾਜਾਈ ਨੂੰ ਹੋਰ ਸੁਗਮ ਬਣਾਉਣ ਲਈ ਡੈਟਰੋਇਟ ਦਰਿਆ ਉੱਤੇ ਤਿਆਰ ਕੀਤਾ ਗਿਆ ਨਵਾਂ ਛੇ ਲੇਨ ਵਾਲਾ ਅੰਤਰਰਾਸ਼ਟਰੀ ਪੁੱਲ ਹੁਣ ਚਾਲੂ ਹੋਣ ਲਈ ਤਿਆਰ ਹੈ। ਦੋਵਾਂ ਦੇਸ਼ਾਂ ਵੱਲੋਂ ਲੋੜੀਂਦੀਆਂ ਮਨਜ਼ੂਰੀਆਂ ਮਿਲਣ ਤੋਂ ਬਾਅਦ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਮਿਲ ਗਈ ਹੈ ਅਤੇ ਜਲਦ ਹੀ ਇਸ ਦੇ ਉਦਘਾਟਨ ਦੀ ਤਰੀਕ ਦਾ ਰਸਮੀ ਐਲਾਨ ਕੀਤੇ ਜਾਣ ਦੀ ਉਮੀਦ ਹੈ। ਇਹ ਕੇਬਲ-ਸਟੇਡ ਪੁੱਲ ਭਾਰੀ ਵਾਹਨਾਂ, ਦੋ-ਪਹੀਆ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਵੱਖ-ਵੱਖ ਰਸਤੇ ਨਾਲ ਤਿਆਰ ਕੀਤਾ ਗਿਆ ਹੈ। ਕਰੀਬ ਢਾਈ ਕਿਲੋਮੀਟਰ ਲੰਬਾ, 123 ਫੁੱਟ ਚੌੜਾ ਅਤੇ 272 ਫੁੱਟ ਉੱਚਾ ਇਹ ਪੁੱਲ ਕੈਨੇਡਾ ਦੇ ਵਿੰਡਸਰ ਸ਼ਹਿਰ ਨੂੰ ਅਮਰੀਕਾ ਦੇ ਮਿਸ਼ੀਗਨ ਸੂਬੇ ਦੇ ਡੈਟਰੋਇਟ ਸ਼ਹਿਰ ਨਾਲ ਜੋੜੇਗਾ। ਇਸ ਨਾਲ ਕੈਨੇਡਾ ਦੇ ਹਾਈਵੇਅ 401 ਅਤੇ ਅਮਰੀਕਾ ਦੇ ਹਾਈਵੇਅ 75 ਵਿਚਕਾਰ ਇੱਕ ਮਹੱਤਵਪੂਰਨ ਸੰਪਰਕ ਸਥਾਪਤ ਹੋਵੇਗਾ। ਸਾਲ 2018 ਵਿੱਚ ਸ਼ੁਰੂ ਹੋਏ ਇਸ ਮਹੱਤਵਪੂਰਨ ਪ੍ਰਾਜੈਕਟ ਦੀ ਉਸਾਰੀ ਅੱਠ ਸਾਲਾਂ ਵਿੱਚ ਪੂਰੀ ਹੋਈ ਹੈ। ਇਹ ਨਵਾਂ ਪੁੱਲ ਕਰੀਬ 90 ਸਾਲ ਪੁਰਾਣੇ ਅੰਬੈਸਡਰ ਬ੍ਰਿਜ ਦੀ ਥਾਂ ਲਵੇਗਾ, ਜੋ ਦੋਵਾਂ ਦੇਸ਼ਾਂ ਵਿਚਕਾਰ ਲਗਾਤਾਰ ਵੱਧ ਰਹੀ ਆਵਾਜਾਈ ਦਾ ਦਬਾਅ ਝੱਲਣ ਵਿੱਚ ਅਸਮਰੱਥ ਹੋ ਗਿਆ ਸੀ। ਉੱਤਰੀ ਅਮਰੀਕਾ ਦੇ ਕੇਬਲ-ਸਟੇਡ ਪੁਲਾਂ ਵਿੱਚ ਇਹ ਸਭ ਤੋਂ ਲੰਬੇ ਸਪੈਨ ਵਾਲਾ ਪੁੱਲ ਦੱਸਿਆ ਜਾ ਰਿਹਾ ਹੈ। ਇਸ ਪੁੱਲ ਦਾ ਨਾਮ ਅਮਰੀਕਾ ਦੇ ਪ੍ਰਸਿੱਧ ਆਈਸ ਹਾਕੀ ਖਿਡਾਰੀ ਗੋਰਡੀ ਹਾਊ ਦੇ ਨਾਮ 'ਤੇ ਰੱਖਿਆ ਗਿਆ ਹੈ। ਲਗਭਗ 6 ਅਰਬ ਡਾਲਰ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਸ ਪ੍ਰਾਜੈਕਟ ਦਾ ਖਰਚਾ ਕੈਨੇਡਾ ਅਤੇ ਅਮਰੀਕਾ ਨੇ ਬਰਾਬਰ ਸਾਂਝਾ ਕੀਤਾ ਹੈ। ਨਿੱਜੀ ਮਾਲਕੀ ਵਾਲੇ ਅੰਬੈਸਡਰ ਬ੍ਰਿਜ ਦੀ ਤਰ੍ਹਾਂ ਇਸ ਪੁੱਲ ਦੀ ਵਰਤੋਂ ਕਰਨ ਵਾਲੇ ਵਾਹਨਾਂ ਤੋਂ ਵੀ ਟੌਲ ਟੈਕਸ ਵਸੂਲਿਆ ਜਾਵੇਗਾ। ਠੇਕੇਦਾਰ ਕੰਪਨੀ ਨੇ ਪਹਿਲਾਂ ਇਸ ਪੁੱਲ ਨੂੰ 1 ਜੂਨ ਤੋਂ ਚਾਲੂ ਕਰਨ ਦਾ ਐਲਾਨ ਕੀਤਾ ਸੀ, ਪਰ ਦੋਵਾਂ ਦੇਸ਼ਾਂ ਵੱਲੋਂ ਕੁਝ ਖਦਸ਼ੇ ਜਤਾਏ ਜਾਣ ਕਾਰਨ ਇਸ ਵਿੱਚ ਦੇਰੀ ਹੋ ਗਈ। ਹੁਣ ਸਾਰੀਆਂ ਮਨਜ਼ੂਰੀਆਂ ਮਿਲਣ ਤੋਂ ਬਾਅਦ ਇਸ ਨੂੰ ਰਸਮੀ ਤੌਰ 'ਤੇ ਚਾਲੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਕੰਪਨੀ ਅਨੁਸਾਰ, ਅਗਲੇ ਇੱਕ ਜਾਂ ਦੋ ਦਿਨਾਂ ਵਿੱਚ ਉਦਘਾਟਨ ਦੀ ਤਰੀਕ ਦਾ ਐਲਾਨ ਹੋ ਸਕਦਾ ਹੈ ਅਤੇ ਪੁੱਲ ਜੁਲਾਈ ਦੇ ਤੀਜੇ ਜਾਂ ਚੌਥੇ ਹਫ਼ਤੇ ਵਿੱਚ ਲੋਕਾਂ ਲਈ ਖੋਲ੍ਹਿਆ ਜਾ ਸਕਦਾ ਹੈ।