ਭਗਤ ਨਾਮਦੇਵ ਜੀ ਦੇ ਪ੍ਰਲੋਕ ਗਮਨ ਦਿਹਾੜੇ ਸਬੰਧੀ ਡਿਪਟੀ ਕਮਿਸ਼ਨਰ ਤੋਂ ਸਹਿਯੋਗ ਲੈਣ ਲਈ ਗੁਰਦੁਆਰਾ ਪ੍ਰਬੰਧਕਾਂ ਨੇ ਦਿੱਤਾ ਸੱਦਾ ਪੱਤਰ
- ਸੰਗਰੂਰ
- (Asia/Kolkata)
14 ਜਨਵਰੀ ਨੂੰ ਜ਼ਿਲ੍ਹਾ ਪੱਧਰ ਤੇ ਸਰਕਾਰੀ ਛੁੱਟੀ ਕਰਨ ਸਬੰਧੀ ਸੌਂਪਿਆ ਪੱਤਰ ਸੰਗਰੂਰ (ਜਗਸੀਰ ਸਿੰਘ) - ਭਗਤੀ ਲਹਿਰ ਦੇ ਮੋਢੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਪ੍ਰਲੋਕ ਗਮਨ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ 13, 14 ਅਤੇ 15 ਜਨਵਰੀ ਨੂੰ ਇਲਾਕੇ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਨੂੰ ਮਨਾਇਆ ਜਾ ਰਿਹਾ ਹੈ। ਪ੍ਰਲੋਕ ਗਮਨ ਦਿਹਾੜੇ ਨੂੰ ਸਮਰਪਿਤ ਹੋਣ ਵਾਲੇ ਗੁਰਮਤਿ ਸਮਾਗਮਾਂ ਦੇ ਸਬੰਧ ਵਿੱਚ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਦੇ ਪ੍ਰਧਾਨ ਸਤਨਾਮ ਸਿੰਘ ਦਮਦਮੀ, ਮੀਤ ਪ੍ਰਧਾਨ ਲਖਬੀਰ ਸਿੰਘ ਕਲਸੀ, ਸਕੱਤਰ ਗੁਰਦੇਵ ਸਿੰਘ ਨੰਗਲ, ਹਰਿੰਦਰ ਸਿੰਘ ਨੰਗਲ, ਗੁਰਸ਼ਰਨ ਸਿੰਘ ਨੰਗਲ, ਹਰਦੀਪ ਸਿੰਘ ਪੰਡੋਰੀ, ਕਰਮ ਸਿੰਘ ਨਮੋਲ, ਦਰਸ਼ਨ ਸਿੰਘ ਸੱਪਲ ਸਮੇਤ ਹੋਰ ਮੈਂਬਰਾਂ ਵੱਲੋਂ ਸਾਲਾਨਾ ਜੋੜ ਮੇਲੇ ਨੂੰ ਸਫ਼ਲਤਾ ਪੂਰਵਕ ਮਨਾਉਣ ਲਈ ਸਹਿਯੋਗ ਲੈਣ ਵਾਸਤੇ ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਉੱਪਲ ਨੂੰ ਗੁਰਦਾਸਪੁਰ ਦਫ਼ਤਰ ਵਿਖੇ ਵਿਸ਼ੇਸ਼ ਤੌਰ ਤੇ ਮਿਲ ਕੇ ਸੱਦਾ ਪੱਤਰ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਉੱਪਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਗਤੀ ਲਹਿਰ ਦੇ ਮੋਢੀ ਬ੍ਰਹਮ ਗਿਆਨੀ ਭਗਤ ਬਾਬਾ ਨਾਮਦੇਵ ਜੀ ਦਾ ਜਨਮ ਬੇਸ਼ੱਕ ਮਹਾਰਾਸ਼ਟਰ ਵਿਖੇ ਹੋਇਆ ਪਰ ਉਨਾਂ ਨੇ ਨਗਰ ਘੁਮਾਣ ਵਿਖੇ 18 ਸਾਲ ਦੇ ਕਰੀਬ ਤਪੱਸਿਆ ਕੀਤੀ, ਜਿੱਥੇ ਕਿ ਅੱਜ ਕੱਲ ਗੁਰਦੁਆਰਾ ਤਪਿਆਣਾ ਸਾਹਿਬ ਸੁਸ਼ੋਭਿਤ ਹੈ। ਭਗਤ ਜੀ ਨੇ ਜਿੱਥੇ ਧਰਮ ਦਾ ਪ੍ਰਚਾਰ ਕਰਦਿਆਂ ਲੁਕਾਈ ਨੂੰ ਵਹਿਮਾਂ ਭਰਮਾਂ ਤੋਂ ਦੂਰ ਕਰਦਿਆਂ ਮੂਰਤੀ ਪੂਜਾ ਦਾ ਖੰਡਨ ਕੀਤਾ, ਉੱਥੇ ਉਹਨਾਂ ਇੱਥੇ ਲੰਬਾ ਸਮਾਂ ਤਪ ਕਰਦਿਆਂ ਗੁਰਬਾਣੀ ਵੀ ਉਚਾਰਨ ਕੀਤੀ। ਭਗਤ ਜੀ ਦੀ ਬਾਣੀ ਦੇ 61 ਸ਼ਬਦ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਕੀਤੇ ਹਨ। ਜੋ ਸਾਡੇ ਲਈ ਬਹੁਤ ਹੀ ਬੜੇ ਮਾਣ ਵਾਲੀ ਗੱਲ ਹੈ। ਗੁਰਦੁਆਰਾ ਪ੍ਰਬੰਧਕਾਂ ਨੇ ਡੀਸੀ ਸਾਹਿਬ ਗੁਰਦਾਸਪੁਰ ਦੇ ਧਿਆਨ ਵਿੱਚ ਲਿਆਉਂਦਿਆਂ ਦੱਸਿਆ ਕਿ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਦੀ ਸਾਲਾਨਾ ਯਾਦ ਵਿੱਚ ਹਰ ਸਾਲ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਵਿਖੇ ਵੱਡੇ ਪੱਧਰ ਤੇ ਧਾਰਮਿਕ ਸਮਾਗਮ ਕੀਤੇ ਜਾਂਦੇ ਹਨ। ਇਸ ਮੌਕੇ ਭਗਤ ਜੀ ਦੇ ਪ੍ਰਲੋਕ ਗਮਨ ਦਿਹਾੜੇ ਤੇ ਲੋਹੜੀ ਮਾਘੀ ਨੂੰ ਹੋਣ ਵਾਲੇ ਗੁਰਮਤਿ ਸਮਾਗਮਾਂ ਨੂੰ ਲੈ ਕੇ ਦੇਸ਼ ਵਿਦੇਸ਼ ਅਤੇ ਇਲਾਕੇ ਦੀਆਂ ਲੱਖਾਂ ਦੀ ਤਾਦਾਦ ਵਿਚ ਸ਼ਰਧਾਲੂ ਸੰਗਤਾਂ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਵਿਖੇ ਪਹੁੰਚ ਕੇ ਨਤਮਸਤਕ ਹੁੰਦੀਆਂ ਹਨ। ਇਸ ਮੌਕੇ ਸੰਗਤਾਂ ਦੀ ਸ਼ਰਧਾ ਭਾਵਨਾ ਅਤੇ ਆਮਦ ਨੂੰ ਮੱਦੇ ਨਜ਼ਰ ਰੱਖਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ 14 ਜਨਵਰੀ ਨੂੰ ਲੋਹੜੀ ਮਾਘੀ ਤੇ ਸਰਕਾਰੀ ਛੁੱਟੀ ਜ਼ਿਲ੍ਹਾ ਪੱਧਰ ਤੇ ਕਰਨ ਸਬੰਧੀ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਉੱਪਲ ਨੇ ਜਿੱਥੇ 14 ਜਨਵਰੀ ਦੀ ਛੁੱਟੀ ਕਰਨ ਸਬੰਧੀ ਵਿਸ਼ਵਾਸ ਦਿਵਾਇਆ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਲਾਨਾ ਜੋੜ ਮੇਲੇ ਸਬੰਧੀ ਹਰ ਪ੍ਰਕਾਰ ਦੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਗਿਆ। ਲੋਹੜੀ ਮਾਘੀ ਤੇ ਹੋਣ ਵਾਲੇ ਜੋੜ ਮੇਲੇ ਸਬੰਧੀ ਪ੍ਰਧਾਨ ਸਤਨਾਮ ਸਿੰਘ ਦਮਦਮੀ, ਲਖਬੀਰ ਸਿੰਘ ਕਲਸੀ, ਸਕੱਤਰ ਗੁਰਦੇਵ ਸਿੰਘ ਨੰਗਲ ਅਤੇ ਅਜਮੇਰ ਸਿੰਘ ਖਜਾਨਚੀ ਹੁਰਾਂ ਨੇ ਦੱਸਿਆ ਕਿ ਸਾਲਾਨਾ ਜੋੜ ਮੇਲੇ ਨੂੰ ਲੈ ਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਵੱਡੀ ਪੱਧਰ ਤੇ ਤਿਆਰੀਆਂ ਵਿੱਢੀਆਂ ਗਈਆਂ ਹਨ, ਤਾਂ ਜੋ ਮੱਥਾ ਟੇਕਣ ਵਾਲੀਆਂ ਸ਼ਰਧਾਲੂ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਾ ਆ ਸਕੇ। ਇਸ ਮੌਕੇ ਬਾਬਾ ਰਣਧੀਰ ਸਿੰਘ ਮੁੱਖ ਗ੍ਰੰਥੀ, ਕਸ਼ਮੀਰ ਸਿੰਘ, ਹਰਬੰਸ ਸਿੰਘ ਨੰਗਲ, ਹਰਪਾਲ ਸਿੰਘ ਨੰਗਲ, ਰੇਸ਼ਮ ਸਿੰਘ ਨੰਗਲ ਅਤੇ ਸ਼ਰਨਜੀਤ ਸਿੰਘ ਨੰਗਲ ਹੋਰਾਂ ਨੇ ਦੱਸਿਆ ਕਿ ਜੋੜ ਮੇਲੇ ਸਬੰਧੀ ਮੱਥਾ ਟੇਕਣ ਵਾਲੀਆਂ ਆ ਰਹੀਆਂ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਲਈ ਰਹਿਣ ਸਹਿਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਘੁਮਾਣ ਵਿਖੇ ਆਉਣ ਵਾਲੀਆਂ ਸੰਗਤਾਂ ਵਾਸਤੇ ਨੇੜਲੇ ਪਿੰਡਾਂ ਦੀਆਂ ਲੰਗਰ ਕਮੇਟੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਲੰਗਰ ਲਗਾਉਂਣ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਗੁਰਦੀਪ ਸਿੰਘ ਮੋਗਾ, ਤਰਸੇਮ ਸਿੰਘ ਚੂਹੜਚੱਕ, ਅਵਤਾਰ ਸਿੰਘ ਜੱਸਲ, ਸਤਨਾਮ ਸਿੰਘ ਮਲੋਵਾਲੀ, ਦਿਲਬਾਗ ਸਿੰਘ ਲਾਲੀ, ਮੁੱਖ ਗ੍ਰੰਥੀ ਰਣਧੀਰ ਸਿੰਘ, ਚਰਨਜੀਤ ਸਿੰਘ ਸ਼ੇਰਾ ਸਮੇਤ ਵੱਡੀ ਗਿਣਤੀ ਵਿੱਚ ਪ੍ਰਬੰਧਕ ਕਮੇਟੀ ਮੈਂਬਰ ਮੌਜੂਦ ਸਨ।
Leave a Reply