ਗਿਆਨੀ ਹਰਪ੍ਰੀਤ ਸਿੰਘ ਦਾ ਬਾਦਲ ਦਲ 'ਤੇ ਤਨਜ਼, ਕਿਹਾ– ‘ਆਪ’ ਕੋਲ ਅਜਿਹੇ ਕਾਨੂੰਨੀ ਮਾਹਰ ਨਹੀਂ ਸਨ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਪੇਸ਼ੀ ਤੋਂ ਬਾਅਦ ਸਿਆਸੀ ਪ੍ਰਤੀਕਿਰਿਆਵਾਂ ਦਾ ਦੌਰ ਜਾਰੀ ਹੈ। ਇਸ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਇੱਕ ਵਿਸਥਾਰਪੂਰਵਕ ਪੋਸਟ ਸਾਂਝੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕਾਰਗੁਜ਼ਾਰੀ ਅਤੇ ਉਸ ਨਾਲ ਜੁੜੇ ਕਾਨੂੰਨੀ ਤਰਕਾਂ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਆਪਣੀ ਫੇਸਬੁੱਕ ਪੋਸਟ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਲਿਖਿਆ ਕਿ ਉਹ ਸੱਚੇ ਪਾਤਸ਼ਾਹ ਦਾ ਸ਼ੁਕਰਗੁਜ਼ਾਰ ਹਨ ਕਿ ਆਮ ਆਦਮੀ ਪਾਰਟੀ ਕੋਲ ਬਾਦਲ ਦਲ ਨਾਲ ਜੁੜੇ ਕਥਿਤ ਕਾਨੂੰਨੀ ਮਾਹਰ ਨਹੀਂ ਸਨ ਅਤੇ ਨਾ ਹੀ ਉਸ ਵੇਲੇ ਬਾਦਲ ਦਲ ਦੀ ਸਰਕਾਰ ਸੀ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਟੈਲੀਵਿਜ਼ਨ ਚੈਨਲਾਂ 'ਤੇ ਇਹ ਦਲੀਲਾਂ ਦਿੱਤੀਆਂ ਜਾਂਦੀਆਂ ਕਿ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਨਹੀਂ ਜਾ ਸਕਦੇ, ਕਿਉਂਕਿ ਇਸ ਨਾਲ ਕੇਂਦਰ ਸਰਕਾਰ ਰਾਜ ਸਰਕਾਰ ਨੂੰ ਭੰਗ ਕਰ ਸਕਦੀ ਹੈ ਜਾਂ ਚੋਣ ਕਮਿਸ਼ਨ ਪਾਰਟੀ ਦੀ ਮਾਨਤਾ ਰੱਦ ਕਰ ਸਕਦਾ ਹੈ। ਉਨ੍ਹਾਂ ਅੱਗੇ ਲਿਖਿਆ ਕਿ ਇਸ ਦੇ ਨਾਲ ਇਹ ਤਰਕ ਵੀ ਸਾਹਮਣੇ ਰੱਖਿਆ ਜਾਂਦਾ ਕਿ ਜਥੇਦਾਰ ਕਿਸੇ ਲੋਕਾਂ ਵੱਲੋਂ ਚੁਣੀ ਸਰਕਾਰ ਨੂੰ ਕਿਸੇ ਕਾਨੂੰਨ ਨੂੰ ਰੱਦ ਕਰਨ ਜਾਂ ਉਸ ਵਿੱਚ ਸੋਧ ਕਰਨ ਦੇ ਨਿਰਦੇਸ਼ ਕਿਵੇਂ ਦੇ ਸਕਦੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਲਿਖਿਆ ਕਿ ਫਿਰ ਇਹ ਸਵਾਲ ਵੀ ਉਠਾਇਆ ਜਾਂਦਾ ਕਿ ਸਿੱਖਾਂ ਵਿਰੁੱਧ ਬਣੇ ਕਥਿਤ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਹੁਕਮ ਕਿਸੇ ਜਥੇਦਾਰ ਵੱਲੋਂ ਪਹਿਲਾਂ ਕਦੇ ਕਿਉਂ ਨਹੀਂ ਦਿੱਤਾ ਗਿਆ। ਆਪਣੀ ਪੋਸਟ ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਤਨਜ਼ੀਆ ਅੰਦਾਜ਼ ਵਿੱਚ ਸਲਾਹ ਵੀ ਦਿੱਤੀ। ਉਨ੍ਹਾਂ ਲਿਖਿਆ ਕਿ ਜੇ ਪਾਰਟੀ ਹੋਰਨਾਂ ਸਿਆਸੀ ਦਲਾਂ ਦੇ ਆਗੂਆਂ ਨੂੰ ਆਪਣੇ ਨਾਲ ਜੋੜ ਰਹੀ ਹੈ ਤਾਂ ਚੀਮਾ, ਮੇਸ਼ੀ ਗਰੇਵਾਲ ਅਤੇ ਦਿੱਲੀ ਵਾਲੇ ਸਰਨੇ ਨੂੰ ਵੀ ਆਪਣੇ ਨਾਲ ਸ਼ਾਮਲ ਕਰ ਲਵੇ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੇ ਮੌਕਿਆਂ 'ਤੇ ਇਹ ਆਗੂ ਪਾਰਟੀ ਦੇ ਕੰਮ ਆ ਸਕਦੇ ਹਨ ਅਤੇ ਇਸ ਨਾਲ ਪੰਥ ਦਾ ਵੀ ਭਲਾ ਹੋਵੇਗਾ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਾਂਝੀ ਕੀਤੀ ਗਈ ਇਹ ਫੇਸਬੁੱਕ ਪੋਸਟ ਇਸ ਸਮੇਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਕੇਂਦਰ ਬਣੀ ਹੋਈ ਹੈ। ਸਿਆਸੀ ਅਤੇ ਪੰਥਕ ਹਲਕਿਆਂ ਵਿੱਚ ਇਸ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਉੱਤੇ ਕੀਤਾ ਗਿਆ ਸਿੱਧਾ ਅਤੇ ਤਿੱਖਾ ਸਿਆਸੀ ਤੇ ਵਿਚਾਰਧਾਰਕ ਹਮਲਾ ਮੰਨਿਆ ਜਾ ਰਿਹਾ ਹੈ।
Posted By: Daily Suraj Bureau